ਆਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਇਕੱਤਰਤਾ
ਜਮਹੂਰੀ ਹੱਕਾਂ, ਵਿਰੋਧੀ ਆਵਾਜ਼ਾਂ ਤੇ ਅਕਾਦਮਿਕ ਅਾਜ਼ਾਦੀ ’ਤੇ ਹਮਲਿਆਂ ਦਾ ਵਿਰੋਧ
ਕੁਲਦੀਪ ਸਿੰਘ
ਆਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਚੰਡੀਗੜ੍ਹ ’ਚ ਵਿਸ਼ੇਸ਼ ਜਨਤਕ ਇਕੱਤਰਤਾ ਕੀਤੀ ਗਈ ਜਿਸ ਦੌਰਾਨ ਮੌਜੂਦਾ ਸਮੇਂ ਦੇਸ਼ ਵਿੱਚ ਜਮਹੂਰੀ ਹੱਕਾਂ, ਵਿਰੋਧੀ ਆਵਾਜ਼ਾਂ ਤੇ ਅਕਾਦਮਿਕ ਆਜ਼ਾਦੀਆਂ ’ਤੇ ਵਧ ਰਹੇ ਹਮਲਿਆਂ ਬਾਰੇ ਚਰਚਾ ਕਰਦਿਆਂ ਇਸ ਦਾ ਵਿਰੋਧ ਕੀਤਾ ਗਿਆ। ਮੁੱਖ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਨੇ ਦਿੱਤਾ ਗਿਆ ਜਿਨ੍ਹਾਂ ਨੇ ਬਿਨਾਂ ਮੁਕੱਦਮਾ ਚਲਾਏ ਜਮਹੂਰੀ ਤੇ ਸਮਾਜਿਕ ਕਾਰਕੁਨਾਂ ਨੂੰ ਜੇਲ੍ਹਾਂ ’ਚ ਡੱਕਣ, ਜਮਹੂਰੀ ਸੰਸਥਾਵਾਂ ’ਤੇ ਹੋ ਰਹੇ ਹਮਲਿਆਂ ਅਤੇ ਇੱਕਜੁਟ ਲੋਕ ਵਿਰੋਧ ਦੀ ਤੁਰੰਤ ਲੋੜ ਬਾਰੇ ਤਫ਼ਸੀਲ ਵਿੱਚ ਗੱਲ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖ਼ਤਮ ਕਰਨ ਨੂੰ ਕੇਂਦਰੀਕਰਨ ਵੱਲ ਇੱਕ ਕਦਮ ਕਰਾਰ ਦਿੱਤਾ। ਮੀਟਿੰਗ ਵਿੱਚ ਏ ਐੱਫ ਡੀ ਆਰ ਦੀ ਸਟੇਟ ਕਮੇਟੀ ਮੈਂਬਰ ਅਤੇ ਫਰੰਟ ਦੀ ਸਰਗਰਮ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਦਿੱਤੀਆਂ ਗਈਆਂ ਧਮਕੀਆਂ ਦੀ ਵੀ ਨਿਖੇਧੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਚੰਡੀਗੜ੍ਹ ਪੁਲੀਸ ਕਾਰਵਾਈ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਪੰਜਾਬ ਦੀਆਂ ਜਮਹੂਰੀ ਸੰਸਥਾਵਾਂ ਸਾਂਝੇ ਤੌਰ ’ਤੇ ਅਗਲਾ ਕਦਮ ਚੁੱਕਣਗੀਆਂ। ਫਰੰਟ ਨੇ ਮੀਟਿੰਗ ’ਚ ਕਈ ਮੰਗਾਂ ਨੂੰ ਉਭਾਰਿਆ, ਜਿਨ੍ਹਾਂ ਵਿੱਚ ਚੰਡੀਗੜ੍ਹ ਅੰਦਰ ਕੇਂਦਰੀ ਰਾਜਪਾਲ ਲਾਉਣ ਤੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਹਣ ਦੇ ਕਦਮਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਲੇਬਰ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਫਰੰਟ ਨੇ 7 ਦਸੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।

