ਹੜ੍ਹਾਂ ਕਾਰਨ ‘ਖੇਡਾਂ ਵਤਨ ਪੰਜਾਬ ਦੀਆਂ’ ਮੁਅੱਤਲ ਕਰਨ ਦੀ ਮੰਗ
ਕੁਲਦੀਪ ਸਿੰਘ
ਅਧਿਆਪਕ ਜਥੇਬੰਦੀ ‘ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ’ ਨੇ ਸੂਬੇ ਭਰ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ‘ਖੇਡਾਂ ਵਤਨ ਪੰਜਾਬ ਦੀਆਂ-2025’ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਸ ਸਮੇਂ ਕਰੀਬ ਸਾਰਾ ਪੰਜਾਬ ਹੜ੍ਹਾਂ ਦੀ ਚਪੇਟ ਵਿੱਚ ਆਇਆ ਹੋਇਆ ਹੈ। ਮੀਂਹ ਕਾਰਨ ਪੰਜਾਬ ਦੇ ਸਕੂਲਾਂ, ਕਾਲਜਾਂ ਦੇ ਮੈਦਾਨ ਪਾਣੀ ਨਾਲ ਭਰੇ ਪਏ ਹਨ। ਨੱਕੋ-ਨੱਕ ਭਰੇ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦਰਿਆ ਫਸਲਾਂ, ਘਰਾਂ, ਸੜਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਸਕੂਲੀ ਬੱਚਿਆਂ ਦੀ ਰੱਖਿਆ ਲਈ 30 ਅਗਸਤ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਕਿਹਾ ਕਿ ਪੰਜਾਬ ਦੀ ਇਹੋ ਜਿਹੀ ਤ੍ਰਾਸਦੀ ਵਾਲੀ ਸਥਿਤੀ ਵਿੱਚ ਖੇਡ ਵਿਭਾਗ ਤਿੰਨ ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਉਣ ਲਈ ਬਜਿੱਦ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਘੱਟੋ-ਘੱਟ 15 ਦਿਨਾਂ ਲਈ ਮੁਅੱਤਲ ਕੀਤਾ ਜਾਵੇ। ਰਜਿਸਟ੍ਰੇਸ਼ਨ ਪ੍ਰਕਿਰਿਆ ਅਸਾਨ ਕੀਤੀ ਜਾਵੇ। ਖੇਡਾਂ ਦੇ ਹਰ ਪੱਧਰ ’ਤੇ ਸ਼ਮੂਲੀਅਤ ਲਈ ਫੰਡ ਉਪਲਬਧ ਕਰਵਾਏ ਜਾਣ ਤਾਂ ਜੋ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਖਿਡਾਰੀਆਂ ਦੀ ਪਿਛਲੇ ਦੋ ਸਾਲਾਂ ਦੀ ਰਹਿੰਦੀ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇ।