ਸ਼੍ੋਮਣੀ ਅਕਾਲੀ ਦਲ (ਅ) ਵੱਲੋਂ ਸ਼੍ੋਮਣੀ ਕਮੇਟੀ ਨੂੰ ਮੰਗ ਪੱਤਰ
ਸਿੱਖ ਪਛਾਣ ਨੂੰ ਬਰਕਰਾਰ ਰੱਖਣ ਲਈ ਅਦਾਲਤ ਵਿੱਚ ਪਟੀਸ਼ਨ ਦਾਖਲ ਕਰਨ ’ਤੇ ਜ਼ੋਰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਸ਼੍ੋਮਣੀ ਕਮੇਟੀ ਨੂੰ ਦੋ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਬੋਧ, ਜੈਨ ਅਤੇ ਸਿੱਖ ਧਰਮਾਂ ਉੱਤੇ ਹਿੰਦੂ ਪਰਸਨਲ ਕਾਨੂੰਨ ਲਾਗੂ ਕਰਨ ਵਾਲੀ ਕਿਸੇ ਵੀ ਕਾਨੂੰਨੀ ਨੀਤੀ ਵਿਰੁੱਧ ਸ਼੍ੋਮਣੀ ਕਮੇਟੀ ਤੁਰੰਤ ਅਦਾਲਤ ਵਿੱਚ ਇਕ ਧਿਰ ਵਜੋਂ ਦਖ਼ਲ ਦੇਵੇ। ਦਲ ਨੇ ਇਸ ਮਾਮਲੇ ਨੂੰ ਸਿੱਖ ਧਰਮ ਦੀ ਧਾਰਮਿਕ ਪਛਾਣ, ਸੰਵਿਧਾਨਕ ਅਧਿਕਾਰ ਅਤੇ ਘੱਟ ਗਿਣਤੀ ਧਰਮਾਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਗੰਭੀਰ ਮੁੱਦਾ ਕਰਾਰ ਦਿੱਤਾ ਹੈ।
ਦਲ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਸੌਂਪੇ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਕਿ ਸਿੱਖ ਧਰਮ ਆਪਣੀ ਵਿਲੱਖਣ ਪਰੰਪਰਾ, ਰਹਿਤ ਅਤੇ ਸੰਸਥਾਗਤ ਢਾਂਚੇ ਰਾਹੀਂ ਵੱਖਰਾ ਧਰਮ ਹੈ ਅਤੇ ਇਸ ਨੂੰ ਕਿਸੇ ਵੀ ਬਾਹਰੀ ਧਾਰਮਿਕ ਕਾਨੂੰਨ ਨਾਲ ਜੋੜ ਕੇ ਦੇਖਣਾ ਠੀਕ ਨਹੀਂ, ਜੋ ਮੁੱਖ ਬਿੰਦੂ ਸ਼੍ੋਮਣੀ ਕਮੇਟੀ ਅੱਗੇ ਰੱਖੇ ਹਨ, ਉਹ ਕਾਨੂੰਨੀ, ਧਾਰਮਿਕ ਅਤੇ ਇਤਿਹਾਸਕ ਤਰਕਾਂ ’ਤੇ ਆਧਾਰਤ ਹਨ। ਸੱਤ ਪ੍ਰਮੁੱਖ ਤਰਕਾਂ ਵਿੱਚ ਪਾਰਟੀ ਨੇ ਦਰਸਾਇਆ ਹੈ ਕਿ ਸਿੱਖ ਧਰਮ ਦੀਆਂ ਰਹਿਤ-ਪਰੰਪਰਾਵਾਂ ਅਤੇ ਪ੍ਰਥਾਵਾਂ ਹਿੰਦੂ ਧਾਰਮਿਕ ਧਾਰਾ ਨਾਲ ਮੇਲ ਨਹੀਂ ਖਾਂਦੀਆਂ। ਘੱਟ ਗਿਣਤੀ ਧਰਮਾਂ ਦੇ ਧਾਰਮਿਕ ਸਥਾਨਾਂ ਅਤੇ ਸੁਰੱਖਿਆ ਸਬੰਧੀ ਮਾਮਲੇ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ ਸੰਵਿਧਾਨਕ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਸਥਾਨਕ ਅਤੇ ਕੌਮੀ ਪੱਧਰ ’ਤੇ ਸ਼੍ੋਮਣੀ ਕਮੇਟੀ ਦਾ ਰੋਲ ਅਹਿਮ ਹੈ, ਜੇ ਸ਼੍ੋਮਣੀ ਕਮੇਟੀ ਇਸ ਮਾਮਲੇ ਵਿੱਚ ਆਪਣਾ ਪੱਖ ਸਪੱਸ਼ਟ ਨਹੀਂ ਕਰਦੀ ਤਾਂ ਸਿੱਖ ਕੌਮ ਦੇ ਆਰਥਿਕ ਅਤੇ ਧਾਰਮਿਕ ਹੱਕ ਖਤਰੇ ਵਿੱਚ ਪੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਸ਼੍ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਸੰਸਥਾ ਨੂੰ ਸੁਝਾਅ ਦਿੱਤਾ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਅਦਾਲਤ ਵਿੱਚ ਪਟੀਸ਼ਨ ਦਾਖਲ ਕਰਕੇ ਸਿੱਖ ਪਛਾਣ, ਧਾਰਮਿਕ ਆਜ਼ਾਦੀ ਅਤੇ ਪਰਸਨਲ ਲਾਅ ਦੇ ਨਿਯਮਾਂ ਦੀ ਰੱਖਿਆ ਲਈ ਆਪਣਾ ਦਸਤਾਵੇਜ਼ੀ ਪੱਖ ਪੇਸ਼ ਕਰੇ। ਇਸੇ ਨਾਲ ਹੀ ਉਨ੍ਹਾਂ ਨੇ ਫਿਲਮ ‘ਧੁਰੰਦਰ’ ’ਤੇ ਰੋਕ ਲਾਉਣ ਲਈ ਅੰਮ੍ਰਿਤਸਰ ਦੇ ਡੀ ਸੀ ਨੂੰ ਵੀ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਕੋਟਲਾ, ਹਰਮਨਦੀਪ ਸਿੰਘ ਸੁਲਤਾਨਵਿੰਡ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਗੁਰਦੀਪ ਸਿੰਘ ਤੇ ਹੋਰ ਹਾਜ਼ਰ ਸਨ।

