ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨਾਲ ਧੋਖਾ ਕੀਤਾ: ਸੁਖਬੀਰ
ਰਣਜੀਤ ਸਿੰਘ ਸ਼ੀਤਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਆਈਆਂ ਹਨ, ਸਾਰੀਆਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਭ ਤੋਂ ਵੱਡੀ ਮਾਰ ਕਾਂਗਰਸ ਨੇ ਮਾਰੀ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਅਕਾਲੀ ਦਲ ਕਰ ਕੇ ਹੀ ਬਚਿਆ ਹੈ ਅਤੇ ਬਾਹਰਲੀਆਂ ਪਾਰਟੀਆਂ ਪੰਜਾਬ ਨੂੰ ਕੇਵਲ ਲੁੱਟਣ ਆਉਂਦੀਆਂ ਹਨ। ਉਹ ਅੱਜ ਇੱਥੇ ਟਕਸਾਲੀ ਆਗੂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੇ ਗ੍ਰਹਿ ਸੂਲਰਘਰਾਟ ਵਿੱਚ ਸ੍ਰੀ ਮਾਨ ਦੀ ਅਕਾਲੀ ਦਲ ’ਚ ਵਾਪਸੀ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਲਦੇਵ ਮਾਨ ਪਾਰਟੀ ਵਿੱਚ ਸਭ ਤੋਂ ਪੁਰਾਣੇ ਤੇ ਟਕਸਾਲੀ ਆਗੂ ਹਨ ਤੇ ਅੱਜ ਉਨ੍ਹਾਂ ਦੀ ਪਾਰਟੀ ਵਿੱਚ ਵਾਪਸੀ ਨਾਲ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੀ ਹੈ ਅਤੇ ਹੁਣ ਉਹ ਪਾਰਟੀ ਦੇ ਸਰਪ੍ਰਸਤ ਹੋਣਗੇ। ਇਸ ਮੌਕੇ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਇਹ ਉਸ ਦੀ ਘਰ ਵਾਪਸੀ ਨਹੀਂ ਬਲਕਿ ਉਸ ਦਾ ਘਰ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਹ ਤਾਂ ਰੁੱੱਸਿਆਂ ਨੂੰ ਮਨਾਉਣ ਗਿਆ ਸੀ। ਇਸ ਮੌਕੇ ਯੂਥ ਆਗੂ ਮਗਨਦੀਪ ਸਿੰਘ ਮਾਨ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸੰਤ ਬਲਵੀਰ ਸਿੰਘ ਘੁੰਨਸ, ਬਿਨਰਜੀਤ ਸਿੰਘ ਗੋਲਡੀ, ਹਰਦੇਵ ਸਿੰਘ ਹੰਝਰਾ, ਨਾਜਰ ਸਿੰਘ ਖਾਨਪੁਰ, ਮਾਸਟਰ ਬਲਵਿੰਦਰ ਸਿੰਘ ਕੌਹਰੀਆਂ, ਮਹੰਤ ਮਹਿੰਦਰਬਨ ਛਾਜਲੀ, ਅਮਰੀਕ ਸਿੰਘ ਉੱਭਿਆ, ਦਲਜੀਤ ਸਿੰਘ ਉਭਿਆ ਹਾਜ਼ਰ ਸਨ।
ਭਾਜਪਾ ਨਾਲ ਗੱਠਜੋੜ ਬਾਰੇ ਗੱਲ ਨਾ ਹੋਣ ਦਾ ਦਾਅਵਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਮਿਸ਼ਨ ਪੰਜਾਬ ਨੂੰ ਆਮ ਆਦਮੀ ਪਾਰਟੀ ਤੋਂ ਬਚਾਉਣਾ ਅਤੇ ਪੰਜਾਬ ਦੀਆਂ ਜ਼ਮੀਨਾਂ ਬਚਾਉਣੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗੱਠਜੋੜ ਬਾਰੇ ਅਜੇ ਕੋਈ ਗੱਲ ਨਹੀਂ ਹੋਈ ਸਗੋਂ ਉਹ ਹਾਲੇ ਪੰਜਾਬ ਨੂੰ ਬਚਾਉਣ ਲੱਗੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜਾਅਲੀ: ਰੱਖੜਾ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸਾਬਕਾ ਮੰਤਰੀ ਤੇ ਸੁਧਾਰ ਲਹਿਰ ਦੇ ਮੁੱਖ ਆਗੂ ਸੁਰਜੀਤ ਸਿੰਘ ਰੱਖੜਾ ਨੇ ਅੱਜ ਇੱਥੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਜ਼ਿਆਦਾਤਰ ਮੈਂਬਰਸ਼ਿਪ ਜਾਅਲੀ ਹੈ, ਉਨ੍ਹਾਂ ਸਿਰਫ਼ ਅੰਕੜਾ ਬਣਾਇਆ ਹੈ, ਜਿਸ ਦੀ ਜਾਂਚ ਅਕਾਲ ਤਖ਼ਤ ਨੂੰ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਹੁਣ ਪਿੰਡਾਂ ਵਿੱਚ ਲੋਕ ਮੂੰਹ ਨਹੀਂ ਲਾ ਰਹੇ ਤੇ ਫੇਰ ਉਨ੍ਹਾਂ ਦੀ ਮੈਂਬਰਸ਼ਿਪ ਕਿਵੇਂ ਤਿਆਰ ਹੋਈ। ਸ੍ਰੀ ਰੱਖੜਾ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਜੋ ਭਰਤੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਪੂਰੀ ਇਮਾਨਦਾਰੀ ਨਾਲ ਮੈਂਬਰਸ਼ਿਪ ਕੀਤੀ ਹੈ।