ਉਮੀਦਵਾਰ ਐਲਾਨਣ ’ਚ ਦੇਰੀ ਭਾਜਪਾ ਦੀ ਹਾਰ ਦਾ ਕਾਰਨ: ਬਿੱਟੂ
ਜਗਤਾਰ ਸਿੰਘ ਲਾਂਬਾ
ਲੁਧਿਆਣਾ, 23 ਜੂਨ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਲਈ ਹੈ। ਬਿੱਟੂ ਨੇ ਹਾਲਾਂਕਿ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵਧੀਆ ਮੁਕਾਬਲਾ ਦਿੱਤਾ ਅਤੇ 20,000 ਤੋਂ ਵੱਧ ਵੋਟਾਂ ਲਈਆਂ। ਬਿੱਟੂ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਅਰੋੜਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ।
ਬਿੱਟੂ ਨੇ ਮੰਨਿਆ ਕਿ ਭਾਜਪਾ ਉਮੀਦਵਾਰ ਦਾ ਨਾਮ ਐਲਾਨੇ ਜਾਣ ਵਿਚ ਹੋਈ ਦੇਰੀ ਪਾਰਟੀ ਦੀ ਹਾਰ ਦਾ ਇੱਕ ਮੁੱਖ ਕਾਰਨ ਰਹੀ। ਉਨ੍ਹਾਂ ਕਿਹਾ, ‘‘ਜੀਵਨ ਗੁਪਤਾ ਦਾ ਟਿਕਟ ਦੇਰ ਨਾਲ ਐਲਾਨਿਆ ਗਿਆ ਕਿਉਂਕਿ ਪਾਰਟੀ ਆਗੂ ‘Operation Sindoor ਵਿਚ ਰੁੱਝੇ ਸਨ। ਇਸ ਨਾਲ ਸਾਡੀ ਚੋਣ ਪ੍ਰਚਾਰ ਯੋਜਨਾ ’ਤੇ ਅਸਰ ਪਿਆ।’’
ਬਿੱਟੂ ਨੇ ਕਿਹਾ ਕਿ ਸਿਰਫ਼ 51 ਫੀਸਦੀ ਵੋਟਿੰਗ ਇਹ ਦੱਸਦੀ ਹੈ ਕਿ ਲੋਕਾਂ ਦੀ ਖਾਸ ਕਰਕੇ ਸਰਕਾਰ ਪ੍ਰਤੀ ਰੁਚੀ ਘੱਟ ਸੀ। ਉਨ੍ਹਾਂ ਕਿਹਾ, ‘‘90,000 ਦੇ ਕਰੀਬ ਵੋਟਾਂ ਪੋਲ ਹੋਈਆਂ ਤੇ ਇਸ ਵਿਚੋਂ ‘ਆਪ’ ਉਮੀਦਵਾਰ ਨੂੰ ਸਿਰਫ਼ 35,000 ਵੋਟਾਂ ਮਿਲੀਆਂ। ਇਹ ਸਾਫ਼ ਦੱਸਦਾ ਹੈ ਕਿ ਹਲਕੇ ਵਿਚ ‘ਆਪ’ ਵਿਰੋਧੀ ਮਾਹੌਲ ਉਨ੍ਹਾਂ ਦੀ ਜਿੱਤ ਨਾਲੋਂ ਵੱਧ ਹੈ।’’
ਭਾਜਪਾ ਦੀ ਕਾਰਗੁਜ਼ਾਰੀ ਨੂੰ “ਹੌਸਲਾ ਅਫਜ਼ਾਈ ਵਾਲੀ” ਦੱਸਦਿਆਂ ਬਿੱਟੂ ਨੇ ਕਿਹਾ ਕਿ ਜ਼ਿਮਨੀ ਚੋਣ ਦੇ ਨਤੀਜੇ ਨੂੰ ਪਾਰਟੀ ਲਈ ਝਟਕਾ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਕਿਹਾ, “ਇਹ ਭਾਜਪਾ ਦੀ ਹਾਰ ਨਹੀਂ ਹੈ। ਲੋਕਾਂ ਨੇ ‘ਆਪ’ ਨੂੰ ਕੇਵਲ ਇਸ ਲਈ ਮੌਕਾ ਦਿੱਤਾ ਕਿਉਂਕਿ ਉਨ੍ਹਾਂ ਦੀ ਸਰਕਾਰ ਦੀ ਮਿਆਦ ਅਜੇ ਕਰੀਬ ਦੋ ਸਾਲ ਬਾਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਇਹ ਸੀਟ ਵੱਡੇ ਫ਼ਰਕ ਨਾਲ ਜਿੱਤਣ ਦੀ ਪੂਰੀ ਉਮੀਦ ਰੱਖਦੇ ਹਾਂ।”
ਕੇਂਦਰੀ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਨਿਰਾਸ਼ ਨਾ ਹੋਣ ਅਤੇ ਜ਼ਮੀਨੀ ਪੱਧਰ ’ਤੇ ਕੰਮ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਸਾਨੂੰ 2027 ਵਿੱਚ ਇਕ ਹੋਰ ਮੌਕਾ ਮਿਲੇਗਾ, ਅਤੇ ਅਸੀਂ ਹੋਰ ਮਜ਼ਬੂਤੀ ਨਾਲ ਵਾਪਸ ਆਵਾਂਗੇ।”