ਰੱਖਿਆ ਮੰਤਰਾਲੇ ਵੱਲੋਂ ਇੱਕ ਲੱਖ ਕਰੋੜ ਤੋਂ ਵੱਧ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ
ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਅੱਜ ਲਗਪਗ 1.05 ਲੱਖ ਕਰੋੜ ਰੁਪਏ ਦੇ ਫੌਜੀ ਹਾਰਡਵੇਅਰ ਅਤੇ ਪਲੇਟਫਾਰਮਾਂ ਲਈ ਦਸ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਭਾਰਤੀ ਜਲ ਸੈਨਾ ਲਈ ਖਾਣਾਂ ਵਿਰੋਧੀ 12 ਬੇੜਿਆਂ ਦੀ ਖ਼ਰੀਦ ਵੀ ਸ਼ਾਮਲ ਹੈ ਜਿਸ ’ਤੇ 44,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਭਾਰਤ ਅਤੇ ਪਾਕਿਸਤਾਨ ਦਰਮਿਆਨ 7 ਤੋਂ 10 ਮਈ ਤੱਕ ਟਕਰਾਅ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਵੱਲੋਂ ਇਨ੍ਹਾਂ ਅਹਿਮ ਖ਼ਰੀਦ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਡੀਏਸੀ ਨੇ ਲਗਪਗ 1.05 ਲੱਖ ਕਰੋੜ ਰੁਪਏ ਦੇ ਦਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਪਿਛਲੇ 15 ਸਾਲਾਂ ਵਿੱਚ ਘੱਟੋ ਘੱਟ ਤਿੰਨ ਵਾਰ ਖਾਣਾਂ ਵਿਰੋਧੀ ਬੇੜੇ (ਐੱਮਸੀਐੱਮਵੀ) ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਮੇਂ ਭਾਰਤੀ ਜਲ ਸੈਨਾ ਕੋਲ ਕੋਈ ਐੱਮਸੀਐੱਮਵੀ ਨਹੀਂ ਹੈ। ਜਲ ਸੈਨਾ ਵਿਸ਼ੇਸ਼ ਜੰਗੀ ਬੇੜਿਆਂ ਨੂੰ ਹਾਸਲ ਕਰਨ ਲਈ ਜ਼ੋਰਦਾਰ ਤਰੀਕੇ ਨਾਲ ਅੱਗੇ ਵਧ ਰਿਹਾ ਹੈ, ਜੋ ਪਾਣੀ ਹੇਠਾਂ ਖਾਣਾਂ ਦਾ ਪਤਾ ਲਾਉਣ, ਉਨ੍ਹਾਂ ਨੂੰ ਟਰੈਕ ਕਰਨ ਅਤੇ ਨਸ਼ਟ ਕਰਨ ਲਈ ਅਹਿਮ ਹਨ। -ਪੀਟੀਆਈ