ਗੁਰਿੰਦਰ ਸਿੰਘ
ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਉੱਪਰ ਚਿੰਤਨ ਕਰਨ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਦੀ ਮੀਟਿੰਗ ਮਾਡਲ ਟਾਊਨ ਵਿੱਚ ਹੋਈ। ਇਸ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਿੱਸਾ ਲਿਆ। ਪਾਰਟੀ ਆਗੂਆਂ ਤਰਸੇਮ ਸਿੰਘ ਖ਼ਾਲਸਾ, ਅਮਰਜੀਤ ਸਿੰਘ ਵਿਵਝੜੀ, ਹਰਭਜਨ ਸਿੰਘ ਤੁੜ, ਪਰਮਜੀਤ ਸਿੰਘ ਜੌਹਲ, ਬਾਬੂ ਸਿੰਘ ਬਰਾੜ ਅਤੇ ਕਾਬਲ ਸਿੰਘ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜ਼ਿਮਨੀ ਚੋਣ ਵਿੱਚ ਹੋਈ ਹਾਰ ਸਬੰਧੀ ਚਰਚਾ ਕੀਤੀ ਗਈ। ਸ੍ਰੀ ਖ਼ਾਲਸਾ ਤੇ ਹੋਰ ਆਗੂਆਂ ਨੇ ਕਿਹਾ ਕਿ ਪਾਰਟੀ ਉਮੀਦਵਾਰ ਦਾ ਐਲਾਨ ਕਰਨ ਵਿੱਚ ਦੇਰ, ਸੱਤਧਾਰੀ ਧਿਰ ਸਣੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਸ਼ਰਾਬ, ਪੈਸੇ ਵਰਗੇ ਲਾਲਚ ਦੇਣ ਕਾਰਨ ਪਾਰਟੀ ਦਾ ਬਹੁਤ ਨੁਕਸਾਨ ਹੋਇਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਖ਼ਾਲਸਾ ਨੇ ਦੋਸ਼ ਲਗਾਇਆ ਕਿ ਸੂਬੇ ਅੰਦਰ ਸੱਤਾਧਾਰੀ ਪਾਰਟੀ ਸਣੇ ਹੋਰ ਵਿਰੋਧੀ ਧਿਰਾਂ ਨੇ ਪੈਸੇ ਤੇ ਤਾਕਤ ਦੀ ਦੁਰਵਰਤੋਂ ਕੀਤੀ। ਇਸ ਤੋਂ ਸਬਕ ਲੈ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਵੱਲੋਂ ਆਉਂਦੀ ਸ੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਹਿੱਸਾ ਲਿਆ ਜਾਵੇਗਾ।
ਪਾਰਟੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਆਉਂਦੀਆਂ ਚੋਣਾਂ ਦੌਰਾਨ ਉਮੀਦਵਾਰ ਦਾ ਜਲਦੀ ਐਲਾਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵੱਲੋਂ ਆਉਂਦੇ ਦਿਨਾਂ ਦੌਰਾਨ ਜਥੇਬੰਦਕ ਢਾਂਚੇ ਵਿੱਚ ਵਿਸਥਾਰ ’ਤੇ ਜ਼ੋਰ ਦਿੱਤਾ ਜਾਵੇਗਾ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂਂ। ਉਨ੍ਹਾਂ ਨੇ ਕਾਰਕੁਨਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ’ਤੇ ਜ਼ੋਰ ਦੇਣ ਲਈ ਕਿਹਾ।
ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ, ਰਾਜੀਵ ਕੁਮਾਰ ਲਵਲੀ, ਸਤਨਾਮ ਕੌਰ ਪਟਿਆਲਾ, ਗੁਰਲਾਲ ਸਿੰਘ ਸਖੀਰਾ, ਜਸਵਿੰਦਰ ਸਿੰਘ ਬਾਦਲ, ਅਵਤਾਰ ਸਿੰਘ ਜਵਾਹਰ ਕੇ, ਪ੍ਰਗਟ ਸਿੰਘ ਸੰਧੂ, ਹਰਪਾਲ ਸਿੰਘ ਕੋਹਲੀ, ਈਮਾਨ ਸਿੰਘ ਖਹਿਰਾ, ਚਮਕੌਰ ਸਿੰਘ ਧੁਨ, ਸੰਦੀਪ ਰੋਪਾਲੋਂ, ਐਡਵੋਕੇਟ ਗੁਰਵਿੰਦਰ ਸਿੰਘ ਬਰਨਾਲਾ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ, ਐਡਵੋਕੇਟ ਜੈਮਲ ਸਿੰਘ ਨਾਗੋਕੇ, ਜਸਵੰਤ ਸਿੰਘ ਚੀਮਾ, ਮਨਜਿੰਦਰ ਸਿੰਘ ਬਲ, ਤਜਿੰਦਰ ਸਿੰਘ ਢਿੱਲੋਂ ਤੇ ਪ੍ਰਗਟ ਸਿੰਘ ਮੀਆਂਵਿੰਡ ਹਾਜ਼ਰ ਸਨ।

