ਮੰਡੀਆਂ ’ਚ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਨਾ ਉਤਾਰਨ ਦਾ ਫ਼ੈਸਲਾ
ਜਗਜੀਤ ਸਿੰਘ
ਆੜ੍ਹਤੀ ਐਸੋਸੀਏਸ਼ਨ ਨੇ ਮੰਡੀਆਂ ਵਿੱਚ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਨਾ ਉਤਾਰਨ ਅਤੇ 72 ਘੰਟਿਆਂ ਵਿੱਚ ਲਿਫਟਿੰਗ ਨਾ ਹੋਣ ’ਤੇ ਮੰਡੀ ਵਿੱਚ ਅਗਲੀ ਖਰੀਦ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਫ਼ੈਸਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਕੌਲਪੁਰ ਦੀ ਅਗਵਾਈ ਹੇਠ ਸ਼ੀਤਲਾ ਮਾਤਾ ਮੰਦਰ ਵਿੱਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਤੈਅ ਨਿਯਮਾਂ ਵਾਲਾ ਝੋਨਾ ਹੀ ਮੰਡੀਆਂ ਵਿੱਚ ਉਤਾਰਿਆ ਜਾਵੇਗਾ ਅਤੇ 17 ਫ਼ੀਸਦੀ ਨਮੀ ਵਾਲੇ ਝੋਨੇ ’ਤੇ ਕੋਈ ਕੱਟ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ 17 ਫ਼ੀਸਦੀ ਨਮੀ ਵਾਲੇ ਝੋਨੇ ’ਤੇ ਆੜ੍ਹਤੀਆ ਸ਼ੈੱਲਰ ਮਾਲਕ ਨੂੰ ਵੀ ਕੋਈ ਕੱਟ ਅਦਾ ਨਹੀਂ ਕਰੇਗਾ। ਜੇ ਕੋਈ ਕਿਸਾਨ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਲਿਆਉਂਦਾ ਹੈ ਤਾਂ ਹੋਣ ਵਾਲੀ ਪ੍ਰੇਸ਼ਾਨੀ ਲਈ ਕਿਸਾਨ ਖੁਦ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਨਾਲ ਆੜ੍ਹਤੀਆਂ ਨੂੰ ਪੂਰੀ ਹਮਦਰਦੀ ਹੈ, ਪਰ ਸ਼ੈਲਰ ਮਾਲਕਾਂ ਵੱਲੋਂ ਲਗਾਏ ਜਾਣ ਵਾਲੇ ਕੱਟ ਲਈ ਉਹ ਜ਼ਿੰਮੇਵਾਰ ਨਹੀਂ ਹਨ ਅਤੇ ਸ਼ੈੱਲਰ ਮਾਲਕਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਕਰੇ। ਸ਼ੈੱਲਰ ਮਾਲਕਾਂ ਨੂੰ ਨਮੀ ਜਾਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਿਸਾਨ ਜਾਂ ਆੜ੍ਹਤੀਏ ਦੇ ਪੱਧਰ ’ਤੇ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਸੂਬਾ ਪੱਧਰੀ ਆੜ੍ਹਤੀਆ ਐਸੋਸੀਏਸ਼ਨ ਕੋਲ ਵੀ ਵਿਚਾਰਿਆ ਜਾ ਰਿਹਾ ਹੈ।