ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀਆਂ ਫੋਟੋਆਂ ਅਤੇ ਸੋਸ਼ਲ ਮੀਡੀਆ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਦੇਣ ਵਾਲਾ ਖੁਦ ਨੂੰ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸ ਰਿਹਾ ਹੈ। ਉਸ ਵੱਲੋਂ ਬਲਕੌਰ ਸਿੰਘ ਮੂਸਾ ਵਾਲਾ ਤੋਂ ਇਲਾਵਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਗਾਇਕ ਮਨਕੀਰਤ ਔਲਖ, ਗੁਰਮੀਤ ਬਬਲੂ ਅਤੇ ਅਮਨ ਜੈਕੀਪੁਰ ਨੂੰ ਵੀ ਇਹ ਧਮਕੀ ਦਿੱਤੀ ਗਈ ਹੈ। ਵਿਦੇਸ਼ ਤੋਂ ਆਏ ਫੋਨ ਵਿੱਚ ਕਿਹਾ ਗਿਆ, ‘ਤੁਸੀਂ ਅਗਲੇ ਜਨਮ ਦੀ ਤਿਆਰੀ ਖਿੱਚ ਲਓ, ਗੋਲੀ ਤੁਹਾਨੂੰ ਲੱਗਣੀ ਹੈ, ਜਿੰਨਾ ਮਰਜ਼ੀ ਸਕਿਉਰਿਟੀ ਦਾ ਪ੍ਰਬੰਧ ਕਰ ਲਓ, ਜਿੱਥੇ ਭੱਜਣਾ ਹੈ ਭੱਜ ਲਓ, ਜਿੱਥੇ ਲੁਕਣਾ ਹੈ ਲੁਕ ਸਕਦੇ ਹੋ।’
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਅਨੇਕਾਂ ਧਮਕੀਆਂ ਆ ਚੁੱਕੀਆਂ ਹਨ ਜਿਸ ਕਾਰਨ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਿਨ-ਦਿਹਾੜੇ ਨੌਜਵਾਨਾਂ ਦੇ ਕਤਲ ਹੋ ਰਹੇ ਹਨ ਅਤੇ ਬਦਮਾਸ਼ ਜੇਲ੍ਹਾਂ ਵਿੱਚ ਬੈਠ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ। ਬਲਕੌਰ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਹੈ।
ਥਾਣਾ ਸਦਰ ਮਾਨਸਾ ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਪੁੱਜੀ ਹੈ।

