ਟਰੱਕ ਯੂਨੀਅਨ ਦੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਮੌਕੇ ਝਗੜੇ ’ਚ ਮੌਤ
ਜਗਜੀਤ ਸਿੰਘ
ਮੁਕੇਰੀਆਂ, 6 ਜੁਲਾਈ
ਇੱਥੇ ਟਰੱਕ ਯੂਨੀਅਨ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਮੌਕੇ ਹੋਏ ਝਗੜੇ ਵਿੱਚ ਕਾਬਜ਼ਕਾਰ ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਇੱਟ ਮਾਰਨ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਮੌਕੇ ਤੋਂ ਫਰਾਰ ਹੋਏ ਹਮਲਾਵਾਰ ਦੀ ਦੁਕਾਨ ਤੋਂ ਛਾਲ ਮਾਰਨ ਕਾਰਨ ਲੱਤ ਟੁੱਟ ਗਈ ਜਿਸ ਨੂੰ ਹਿਰਾਸਤ ’ਚ ਲੈ ਕੇ ਪੁਲੀਸ ਨੇ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਝਗੜੇ ਵਾਲੀ ਥਾਂ ਪੁੱਜੇ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਤੇ ਐੱਸਐੱਚਓ ਜੋਗਿੰਦਰ ਸਿੰਘ ਨੇ ਪ੍ਰਧਾਨ ਹਰਭਜਨ ਸਿੰਘ ਵਾਸੀ ਤੱਗੜ ਕਲਾਂ ਦੀ ਲਾਸ਼ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਵਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਕਫ਼ ਬੋਰਡ ਦੀ ਮਾਲਕੀ ਵਾਲੀ ਜ਼ਮੀਨ ਟਰੱਕ ਯੂਨੀਅਨ ਮੁਕੇਰੀਆਂ ਨੂੰ ਮਿਲੀ ਹੋਈ ਹੈ। ਕੁਝ ਦਿਨ ਪਹਿਲਾਂ ਇਸ ਜ਼ਮੀਨ ’ਤੇ ਸੰਦੀਪ ਸਿੰਘ ਸੰਨੀ ਵਾਸੀ ਗਾਹਲੜੀਆਂ ਨੇ ਕਬਜ਼ਾ ਕਰ ਲਿਆ ਸੀ। ਅੱਜ ਟਰੱਕ ਯੂਨੀਅਨ ਦੇ ਕਾਰਕੁਨਾਂ ਨੇ ਕਬਜ਼ਾ ਛੁਡਵਾਉਣ ਦੀ ਕੋਸ਼ਿਸ਼ ਤਾਂ ਦੋਹਾਂ ਧਿਰਾਂ ਦਰਮਿਆਨ ਝਗੜਾ ਹੋ ਗਿਆ। ਇਸ ਦੌਰਾਨ ਸੰਦੀਪ ਸਿੰਘ ਸੰਨੀ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਦੀ ਛਾਤੀ ’ਚ ਇੱਟ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਹਰਭਜਨ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 15 ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚ ਕਰ ਰਹੇ ਹਨ ਕਿ ਟਰੱਕ ਯੂਨੀਅਨ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾਵੇ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਹੈ। ਇਸ ਦੌਰਾਨ ਪੁਲੀਸ ’ਤੇ ਢਿੱਲਮੱਠ ਵਰਤਣ ਦੇ ਦੋਸ਼ਾਂ ਨੂੰ ਐੱਸਐੱਚਓ ਜੋਗਿੰਦਰ ਸਿੰਘ ਨੇ ਨਕਾਰ ਦਿੱਤਾ ਹੈ।
ਡੀਐੱਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਪੁਲੀਸ ਨੇ ਹਮਲਾਵਰ ਸੰਦੀਪ ਸਿੰਘ ਸੰਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਦੇ ਸੱਟ ਲੱਗੀ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਅਨੁਸਾਰ ਸੰਦੀਪ ਸਿੰਘ ਸਮੇਤ 5-6 ਅਣਪਛਾਤੇ ਵਿਆਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।