ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ’ਚ ਗੁਰਦੁਆਰਾ ਸ੍ਰੀ ਲੰਗਰ ਸਾਹਿਬ ’ਚ ਪੰਥ ਰਤਨ ਬਾਬਾ ਨਿਧਾਨ ਸਿੰਘ ਦੀ 78ਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਭਲਕੇ 4 ਅਗਸਤ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਸਮਾਗਮ ਵਿੱਚ ਸ਼ਿਰਕਤ ਕਰਨ ਲਈ ਇੱਥੇ ਦੁਨੀਆ ਭਰ ਤੋਂ ਵੱਡੀ ਗਿਣਤੀ ’ਚ ਸੰਗਤ ਪੁੱਜੀ ਹੋਈ ਹੈ।
ਕਾਰ ਸੇਵਾ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਹਰ ਸਾਲ ਇਹ ਸਮਾਗਮ ਕਰਵਾਏ ਜਾਂਦੇ ਹਨ। ਇਸ ਦੌਰਾਨ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਰਾਗੀ, ਢਾਡੀ ਅਤੇ ਕਥਾਵਾਚਕ ਹਾਜ਼ਰੀ ਲਵਾਉਂਦੇ ਹਨ। ਸੰਗਤ ਲਈ ਰਿਹਾਇਸ਼ੀ ਪ੍ਰਬੰਧ ਅਤੇ ਲੰਗਰ ਦੀ ਵੱਡੇ ਪੱਧਰ ’ਤੇ ਵਿਵਸਥਾ ਕੀਤੀ ਜਾਂਦੀ ਹੈ। ਸਿਹਤ ਸੰਭਾਲ ਲਈ ਮੈਡੀਕਲ ਕੈਂਪ ਵੀ ਲਾਏ ਜਾਂਦੇ ਹਨ।
ਗੁਰਮਤਿ ਸਮਾਗਮ ਵਿੱਚ ਆਉਣ ਵਾਲੀ ਸੰਗਤ ਨੂੰ ਰੇਲਵੇ ਸਟੇਸ਼ਨ ਨਾਂਦੇੜ ਤੋਂ ਲਿਆਉਣ ਲਈ ਮੁਫ਼ਤ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸੰਗਤ ਨੂੰ ਹਜ਼ੂਰ ਸਾਹਿਬ ਦੇ ਨਾਲ-ਨਾਲ ਇੱਥੋਂ ਦੇ ਹੋਰ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਕਰਵਾਏ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਬਾਬਾ ਨਿਧਾਨ ਸਿੰਘ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ’ਚ ਲੰਗਰ ਦੀ ਸੇਵਾ ਕਰ ਕੇ ਮਾਣ ਹਾਸਲ ਕੀਤਾ ਹੈ। ਉਹ ਗੁਰੂ ਘਰ ਲਈ ਮਿਸਾਲੀ ਸੇਵਾ ਅਤੇ ਸਮਰਪਣ ਭਾਵਨਾ ਸਦਕਾ ਸਿੱਖ ਧਰਮ ਅੰਦਰ ਸਤਿਕਾਰਤ ਸਥਾਨ ਰੱਖਦੇ ਹਨ।