ਡੀ ਡੀ ਪੀ ਓ ਵੱਲੋਂ ਰਾਮੇਆਣਾ ਦਾ ਸਰਪੰਚ ਮੁਅੱਤਲ
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਰੀਦਕੋਟ ਨੇ ਬਲਾਕ ਜੈਤੋ ਦੇ ਪਿੰਡ ਰਾਮੇਆਣਾ ਦੇ ਸਰਪੰਚ ਜਸਇਕਬਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸਰਪੰਚ ’ਤੇ ਪਿੰਡ ਦੀ ਪੰਚਾਇਤੀ ਜਗ੍ਹਾ ’ਤੇ ਆਪਣੇ ਚਹੇਤਿਆਂ ਨੂੰ ਕਬਜ਼ਾ ਕਰਵਾਉਣ ਅਤੇ ਕਬਜ਼ਾ ਨਾ ਛੁਡਵਾਉਣ ਦਾ ਦੋਸ਼ ਹੈ।...
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਰੀਦਕੋਟ ਨੇ ਬਲਾਕ ਜੈਤੋ ਦੇ ਪਿੰਡ ਰਾਮੇਆਣਾ ਦੇ ਸਰਪੰਚ ਜਸਇਕਬਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸਰਪੰਚ ’ਤੇ ਪਿੰਡ ਦੀ ਪੰਚਾਇਤੀ ਜਗ੍ਹਾ ’ਤੇ ਆਪਣੇ ਚਹੇਤਿਆਂ ਨੂੰ ਕਬਜ਼ਾ ਕਰਵਾਉਣ ਅਤੇ ਕਬਜ਼ਾ ਨਾ ਛੁਡਵਾਉਣ ਦਾ ਦੋਸ਼ ਹੈ।
ਡੀ ਡੀ ਪੀ ਓ ਵੱਲੋਂ ਮੁਅੱਤਲੀ ਸਬੰਧੀ ਜਾਰੀ ਪੱਤਰ ’ਚ ਦੱਸਿਆ ਗਿਆ ਹੈ ਕਿ ਉਨ੍ਹਾਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਰਾਹੀਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਸਇਕਬਾਲ ਸਿੰਘ ਸਰਪੰਚ, ਗਰਾਮ ਪੰਚਾਇਤ ਰਾਮੇਆਣਾ ਨੂੰ ਮੁਅੱਤਲ ਕੀਤਾ ਹੈ। ਪੱਤਰ ’ਚ ਸਪਸ਼ਟ ਕੀਤਾ ਗਿਆ ਹੈ ਕਿ ਸਰਪੰਚ ਵੱਲੋਂ ਪਿੰਡ ਦੀ ਪੰਚਾਇਤੀ ਜਗ੍ਹਾ ਉੱਪਰ ਆਪਣੇ ਚਹੇਤਿਆਂ ਵੱਲੋਂ ਘਰ ਬਣਾ ਕੇ ਕੀਤੇ ਨਾਜਾਇਜ਼ ਕਬਜ਼ੇ ਨੂੰ ਨਾ ਰੋਕਣ ਅਤੇ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਲੰਮਾ ਸਮਾਂ ਕੋਈ ਕਾਰਵਾਈ ਨਾ ਕਰਨ ਕਰਕੇ ਉਸ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਹੁਕਮਾਂ ’ਚ ਇਹ ਵੀ ਸ਼ਾਮਲ ਹੈ ਕਿ ਮੁਅੱਤਲੀ ਸਮੇਂ ਦੌਰਾਨ ਸਰਪੰਚ ਗਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲਏਗਾ ਤੇ ਨਾ ਵੋਟ ਕਰਨ ਦਾ ਅਧਿਕਾਰ ਰੱਖੇਗਾ।
ਪੱਤਰ ’ਚ ਦਰਜ ਹੈ ਕਿ ਨਾਜਾਇਜ਼ ਕਬਜ਼ਿਆਂ ਬਾਰੇ ਕਰਵਾਈ ਪੜਤਾਲ ਦੌਰਾਨ ਪੰਜ ਕਬਜ਼ਾਕਾਰਾਂ ਦੀ ਸ਼ਨਾਖ਼ਤ ਕੀਤੀ ਗਈ। ਇਨ੍ਹਾਂ ’ਚੋਂ ਸੁਖਵੀਰ ਸਿੰਘ ਵੱਲੋਂ ਜਾਂਚ ਕਰਮਚਾਰੀ ਨੂੰ ਸੌਂਪੇ ਕਥਿਤ ਹਲਫ਼ੀਆ ਬਿਆਨ ’ਚ ਦੱਸਿਆ ਗਿਆ ਕਿ ਉਸ ਵੱਲੋਂ ਸਰਪੰਚ ਪਾਸੋਂ ਘਰ ਬਣਾਉਣ ਲਈ ਪੰਚਾਇਤੀ ਜਗ੍ਹਾ ਦੀ ਮੰਗ ਕਰਨ ’ਤੇ ਸਰਪੰਚ ਨੇ ਥਾਂ ਦੇਣ ਦਾ ਭਰੋਸਾ ਦਿੱਤਾ ਸੀ। ਸੁਖਵੀਰ ਸਿੰਘ ਮੁਤਾਬਕ ਸਰਪੰਚ ਵੱਲੋਂ ਕਿਹਾ ਗਿਆ ਕਿ ‘ਖਸਰਾ ਨੰਬਰ 391 ਵਿੱਚ ਮਹਿਕਮੇ ਤੋਂ ਮਨਜ਼ੂਰੀ ਲੈ ਲਈ ਗਈ ਹੈ, ਤੁਸੀਂ ਉੱਥੇ ਆਪਣੇ ਘਰ ਬਣਾ ਸਕਦੇ ਹੋ’। ਇਸ ਤਰ੍ਹਾਂ ‘ਉਸ ਨੇ ਮਕਾਨ ਸਰਪੰਚ ਦੀ ਸਹਿਮਤੀ ਨਾਲ ਬਣਾਉਣਾ ਸ਼ੁਰੂ ਕੀਤਾ ਸੀ, ਨਾ ਕਿ ਆਪਣੀ ਮਰਜ਼ੀ ਨਾਲ।’
ਕੋਈ ਨੋਟਿਸ ਨਹੀਂ ਮਿਲਿਆ: ਜਸਇਕਬਾਲ ਸਿੰਘ
ਸਰਪੰਚ ਜਸਇਕਬਾਲ ਸਿੰਘ ਉਰਫ਼ ਰਾਜਦੀਪ ਸਿੰਘ ਔਲਖ ਨੇ ਮੁਅੱਤਲੀ ਦੇ ਆਦੇਸ਼ਾਂ ਬਾਰੇ ਖੁਦ ਨੂੰ ਹਾਲੇ ਤੱਕ ਕੋਈ ਵਿਭਾਗੀ ਨੋਟਿਸ ਨਾ ਮਿਲਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਕਾਂਗਰਸ ਦੇ ਸਮਰਥਕ ਹੋਣ ਕਰਕੇ ਅਜਿਹੀ ਕਾਰਵਾਈ ਕੋਈ ਹੈਰਾਨੀਜਨਕ ਗੱਲ ਵੀ ਨਹੀਂ, ਜਿਨ੍ਹਾਂ ਨਾਜਾਇਜ਼ ਕਬਜ਼ਿਆਂ ਦੀ ਗੱਲ ਹੋ ਰਹੀ ਹੈ, ਉਹ ਕਰੀਬ ਪੰਜਾਹ ਸਾਲ ਪੁਰਾਣੇ ਹਨ। ਉਸ ਨੇ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਕਰਵਾਉਣ ਜਾਂ ਕਬਜ਼ਾਕਾਰੀਆਂ ਨੂੰ ਸ਼ਹਿ ਦੇਣ ਤੋਂ ਸਾਫ਼ ਇਨਕਾਰੀ ਹੁੰਦਿਆਂ ਆਖਿਆ ਕਿ ਨੋਟਿਸ ਮਿਲਣ ’ਤੇ ਉਹ ਆਪਣੀ ਮੁਅੱਤਲੀ ਨੂੰ ਹਾਈ ਕੋਰਟ ’ਚ ਚੁਣੌਤੀ ਦੇਵੇਗਾ।

