ਪਰਿਵਾਰਕ ਵਿਵਾਦ ਦੇ ਚਲਦਿਆਂ ਨੂੰਹ ਅਤੇ ਉਸਦੇ ਪੇਕਿਆਂ ’ਤੇ ਘਰ ਵਿੱਚ ਭੰਨਤੋੜ ਦਾ ਦੋਸ਼
ਕਾਰ ਸਮੇਤ ਕੀਮਤੀ ਸਾਮਾਨ ਤੋੜਿਆ; ਸੋਨਾ ਅਤੇ ਨਗਦੀ ਚੋਰੀ ਦੇ ਵੀ ਇਲਜ਼ਾਮ
Advertisement
ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਕਾਦਰ ਵਾਲਾ ਵਿੱਚ ਬੀਤੀ ਰਾਤ ਰਾਤ ਪਤੀ-ਪਤਨੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਪਰਿਵਾਰ ਦਾ ਦੌਸ਼ ਹੈ ਕਿ ਨੂੰਹ ਨੇ ਆਪਣੇ ਭਰਾਵਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਨਾਲ ਮਿਲ ਕੇ ਸਹੁਰੇ ਪਰਿਵਾਰ ਦੇ ਘਰ ਦੀ ਭੰਨਤੋੜ ਕੀਤੀ। ਇਸ ਦੌਰਾਨ ਪਤੀ ਸਮੇਤ ਪਰਿਵਾਰਕ ਮੈਂਬਰਾਂ ਨੇ ਆਸਪਾਸ ਦੇ ਘਰਾਂ ਵਿੱਚ ਸ਼ਰਨ ਲੈਕੇ ਆਪਣੀ ਜਾਨ ਬਚਾਈ। ਪਰਿਵਾਰ ਅਨੁਸਾਰ ਇੱਕ ਘੰਟੇ ਤੱਕ ਕੀਤੀ ਗਈ ਗੁੰਡਾਗਰਦੀ ਤੋਂ ਬਾਅਦ ਨੂੰਹ ਅਤੇ ਹੋਰ ਵਿਅਕਤੀ ਘਰ ਵਿੱਚ ਪਏ ਗਹਿਣੇ ਅਤੇ ਇੱਕ ਲੱਖ ਰੁਪਏ ਤੋਂ ਉਪਰ ਨਗਦੀ ਲੈਕੇ ਫਰਾਰ ਹੋ ਗਏ।
ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਕੋਟ ਈਸੇ ਦੀ ਪੁਲੀਸ ਉੱਥੇ ਪੁੱਜੀ ਅਤੇ ਆਸਪਾਸ ਘਰਾਂ ਦੇ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਬੇਅੰਤ ਸਿੰਘ ਪੁੱਤਰ ਮਹਿਲ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਪੰਜ ਸਾਲ ਪਹਿਲਾਂ ਪਿੰਡ ਦੋਲਤਪੁਰਾ ਦੀ ਹਨੀ ਕੌਰ ਨਾਲ ਹੋਈ ਸੀ। ਉਨ੍ਹਾਂ ਦੇ ਜੋੜੇ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਹਾਂ ਵਿਚ ਅਣਬਣ ਹੋ ਗਈ। ਇਸ ਸਬੰਧੀ ਕਈ ਵਾਰ ਪੰਚਾਇਤਾਂ ਵੀ ਬੈਠ ਚੁੱਕੀਆਂ ਹਨ।
ਉਸ ਮੁਤਾਬਿਕ ਦੋ ਦਿਨ ਪਹਿਲਾਂ ਉਨ੍ਹਾਂ ਵਿਚਾਲੇ ਫਿਰ ਤੋਂ ਤਕਰਾਰਬਾਜੀ ਹੋਈ ਅਤੇ ਉਸ ਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ। ਬੀਤੀ ਰਾਹ ਉਹ ਆਪਣੇ ਭਰਾ ਅਰਸ਼ਦੀਪ ਸਿੰਘ, ਚਾਚਾ ਤੀਰਥ ਸਿੰਘ ਅਤੇ ਲਗਪਗ 20 ਅਣਪਛਾਤੇ ਵਿਅਕਤੀਆਂ ਨਾਲ ਚਾਰ ਪੰਜ ਗੱਡੀਆਂ ਉੱਤੇ ਸਵਾਰ ਹੋ ਕੇ ਆਈ ਅਤੇ ਕੰਧਾਂ ਟੱਪ ਕੇ ਘਰ ਵਿੱਚ ਦਾਖਲ ਹੋ ਗਏ, ਘਰ ਦੇ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਘਰ ਵਿੱਚ ਖੜ੍ਹੀ ਕਾਰ, ਦਰਵਾਜ਼ੇ-ਬਾਰੀਆਂ ਪੇਟੀਆਂ, ਅਲਮਾਰੀਆਂ ਤੋਂ ਇਲਾਵਾ ਹੋਰ ਘਰੇਲੂ ਸਾਮਾਨ ਦੀ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਲਮਾਰੀ ਵਿੱਚ ਪਏ ਸੋਨੇ ਚਾਂਦੀ ਦੇ ਗਹਿਣੇ ਅਤੇ ਲੱਖ ਰੁਪਏ ਤੋਂ ਉਪਰ ਦੀ ਨਗਦੀ ਵੀ ਉਸ ਦੀ ਪਤਨੀ ਨੇ ਉਡਾ ਲਏ। ਇੱਕ ਘੰਟਾ ਗੁੰਡਾਗਰਦੀ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ।
ਬੇਅੰਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਸਪਾਸ ਦੇ ਘਰਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਮੌਕੇ ਤੇ ਪੁੱਜੇ ਪਿੰਡ ਦੇ ਆਪ ਆਗੂ ਸਿਮਰਨ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਜਨਕ ਰਾਜ ਨੇ ਦੱਸਿਆ ਕਿ ਲੜਾਈ ਝਗੜੇ ਕਾਰਨ ਲੜਕੀ ਹਨੀ ਕੌਰ ਵੀ ਹਸਪਤਾਲ ਦਾਖਲ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
Advertisement
×

