ਧਰਮਿੰਦਰ ਨੂੰ ਸਾਗ ਤੇ ਮੱਕੀ ਦੀ ਰੋਟੀ ਖੁਆਉਣਾ ਚਾਹੁੰਦੇ ਨੇ ਡਾਂਗੋ ਵਾਸੀ
ਅਦਾਕਾਰ ਦੇ ਜਨਮ ਦਿਨ ’ਤੇ ਸਾਗ ਤੇ ਜੁਗਾਡ਼ੂ ਰੇਹਡ਼ੀ ਮੁੰਬੲੀ ਭੇਜਣ ਦੀ ਕੋਸ਼ਿਸ਼
ਮਹੇਸ਼ ਸ਼ਰਮਾ
ਇੱਥੋਂ ਨੇੜਲੇ ਪਿੰਡ ਡਾਂਗੋਂ (ਜ਼ਿਲ੍ਹਾ ਲੁਧਿਆਣਾ) ਦੇ ਵਸਨੀਕਾਂ ਦੀ ਖਾਹਿਸ਼ ਹੈ ਕਿ ਅੱਠ ਦਸੰਬਰ ਨੂੰ ਅਦਾਕਾਰ ਧਰਮਿੰਦਰ ਨੂੰ 90ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਪਸੰਦ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਖੁਆਈ ਜਾਵੇ। ਧਰਮਿੰਦਰ ਦੀ ਦੂਜੀ ਖਾਹਿਸ਼ ਦੋ ਪਹੀਆ ਵਾਹਨ ਨਾਲ ਚੱਲਣ ਵਾਲੀ ਜੁਗਾੜੂ ਰੇਹੜੀ ਦੀ ਸਵਾਰੀ ਹੈ। ਦਿਓਲ ਪਰਿਵਾਰ ਸਰ੍ਹੋਂ ਨੂੰ ਸਾਗ ਅਤੇ ਰੇਹੜੀ ਮੁੰਬਈ ਭੇਜਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਮਾਜਿਕ ਆਗੂ ਕੁਲਵਿੰਦਰ ਸਿੰਘ ਡਾਂਗੋਂ ਤੇ ਧਰਮਿੰਦਰ ਦੇ ਹੋਰ ਪ੍ਰਸ਼ੰਸਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਮੰਨ ਕੇ ਅਦਾਕਾਰ ਦੀ ਸਿਹਤ ’ਚ ਸੁਧਾਰ ਲਿਆਂਦਾ ਹੈ ਹੁਣ ਉਹ ਇਹ ਕਾਮਨਾ ਕਰਦੇ ਹਨ ਕਿ ਅਦਾਕਾਰ ਨੂੰ ਸਾਗ ਖਾਣ ਅਤੇ ਰੇਹੜੀ ਦੀ ਸਵਾਰੀ ਦਾ ਮੌਕਾ ਮਿਲੇ। ਕੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਦਿਓਲ ਪਰਿਵਾਰ ਅਗਲੇ ਮਹੀਨੇ ਧਰਮਿੰਦਰ ਦੀ ਸਿਹਤਯਾਬੀ ਤੋਂ ਬਾਅਦ ਉਨ੍ਹਾਂ ਦਾ 90ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨੂੰ ਅਦਾਕਾਰ ਦੀ ਉਹ ਖਾਹਿਸ਼ ਯਾਦ ਆ ਗਈ ਜੋ ਉਨ੍ਹਾਂ ਸਾਲ 2013 ’ਚ ਚੰਡੀਗੜ੍ਹ ਦੇ ਇੱਕ ਹੋਟਲ ’ਚ ਜ਼ਾਹਿਰ ਕੀਤੀ ਸੀ। ਧਰਮਿੰਦਰ ਨੇ ਉਦੋਂ ‘ਜੁਗਾੜੂ ਰੇਹੜੀ’ ਦੀ ਸਵਾਰੀ ਕਰਨ ਦੇ ਨਾਲ-ਨਾਲ ਆਪਣੇ ਪਿੰਡ ’ਚ ਚੁੱਲ੍ਹੇ ਕੋਲ ਬੈਠ ਕੇ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਆਨੰਦ ਲੈਣ ਦੀ ਇੱਛਾ ਪ੍ਰਗਟਾਈ ਸੀ। ਕੁਲਵਿੰਦਰ ਡਾਂਗੋਂ ਨੇ ਦੱਸਿਆ ਕਿ ਉਸ ਤੋਂ ਦੋ ਸਾਲ ਬਾਅਦ ਭਾਵੇਂ ਧਰਮਿੰਦਰ ਅਪਰੈਲ 2015 ਵਿੱਚ ਡਾਂਗੋਂ ਆਏ ਸਨ ਪਰ ਰੁਝੇਵਿਆਂ ਕਰ ਕੇ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਸੀ ਹੋ ਸਕੀ। ਇਸ ਦੌਰਾਨ ਧਰਮਿੰਦਰ ਨੇ ਆਪਣੇ ਚਚੇਰੇ ਭਰਾਵਾਂ ਸ਼ਿੰਗਾਰਾ ਸਿੰਘ ਤੇ ਮਨਜੀਤ ਸਿੰਘ ਨੂੰ ਆਪਣੀ ਪੁਸ਼ਤੈਨੀ ਖੇਤੀਬਾੜੀ ਵਾਲੀ ਜ਼ਮੀਨ ਤੋਹਫੇ ਵਜੋਂ ਦੇ ਦਿੱਤੀ ਸੀ, ਹੁਣ ਉਸੇ ਜ਼ਮੀਨ ਵਿੱਚੋਂ ਸਾਗ ਤੋੜ ਕੇ ਮੁੰਬਈ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਧਰਮਿੰਦਰ ਆਪਣੇ ਜੱਦੀ ਪਿੰਡ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਰਹੇ ਹਨ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਅਤੇ ਦਾਦਾ ਨਰਾਇਣ ਇਸੇ ਪਿੰਡ ਵਿੱਚ ਰਹਿੰਦੇ ਸਨ। ਸਮੂਹ ਪਿੰਡ ਵਾਸੀ ਧਰਮਿੰਦਰ ਦੇ ਨਰਮ ਸੁਭਾਅ ਤੇ ਰਵੱਈਏ ਨੂੰ ਯਾਦ ਕਰਦੇ ਹਨ।
ਕਾਮਯਾਬੀ ਨੂੰ ਪਿੰਡ ਵਾਸੀਆਂ ਦਾ ਆਸ਼ੀਰਵਾਦ ਦੱਸਦੈ ਧਰਮਿੰਦਰ
ਧਰਮਿੰਦਰ ਦੇ ਚਚੇਰੇ ਭਰਾ ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਆਪਣੇ ਪਿੰਡ ਅਤੇ ਦਿਓਲ ਪਰਿਵਾਰ ਦਾ ਨਾਮ ਰੌਸ਼ਨ ਕਰਨ ਲਈ ਧਰਮਿੰਦਰ ਦਾ ਧੰਨਵਾਦ ਕੀਤਾ ਜਾਂਦਾ ਹੈ ਤਾਂ ਉਹ ਉਲਟਾ ਆਪਣੀ ਕਾਮਯਾਬੀ ਨੂੰ ਪਿੰਡ ਵਾਸੀਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਾ ਨਤੀਜਾ ਦੱਸਦੇ ਹਨ।

