ਲੱਦਾਖ਼ ’ਚ ਸ਼ਹੀਦ ਹੋਏ ਸ਼ਮਸ਼ੇਰਪੁਰ ਦੇ ਜਵਾਨ ਦਲਜੀਤ ਸਿੰਘ ਸਰਕਾਰੀ ਸਨਮਾਨਾਂ ਨਾਲ ਸਸਕਾਰ
ਲੱਦਾਖ਼ ਦੇ ਗਲਵਾਨ ਦੇ ਚਾਰਬਾਗ਼ ਇਲਾਕੇ ਵਿੱਚ ਫ਼ੌਜ ਦੇ ਵਾਹਨ ਤੇ ਪਹਾੜਾਂ ਵਿੱਚ ਲੈਂਡ ਸਲਾਇਡਿੰਗ ਦੌਰਾਨ ਵੱਡਾ ਪੱਥਰ ਡਿੱਗਣ ਕਾਰਨ ਭਾਰਤੀ ਫ਼ੌਜ ਦਾ ਇੱਕ ਕਰਨਲ ਅਤੇ ਇੱਕ ਸਿਪਾਹੀ ਸ਼ਹੀਦ ਹੋ ਗਏ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚ ਸ਼ਹੀਦ ਸਿਪਾਹੀ ਦਲਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਰਹਿਣ ਵਾਲਾ ਸੀ। ਨਾਇਕ ਦਲਜੀਤ ਸਿੰਘ ਦਾ ਅੱਜ ਇੱਥੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 3 ਵਜੇ ਦੇ ਕਰੀਬ ਪਠਾਨਕੋਟ ਤੋਂ ਆਏ ਆਰਮੀ ਦੇ ਜਵਾਨਾਂ ਨੇ ਦੱਸਿਆ ਕਿ ਨਾਇਕ ਦਲਜੀਤ ਸਿੰਘ ਆਪਣੇ ਅਫ਼ਸਰਾਂ ਨਾਲ ਫਾਇਰਿੰਗ ਰੇਂਜ ਤੇ ਜਾ ਰਹੇ ਸਨ। ਇਸੇ ਦੌਰਾਨ ਇੱਕ ਪਹਾੜ ਖਿਸਕ ਗਿਆ ਅਤੇ ਉਨ੍ਹਾਂ ਦੀ ਗੱਡੀ ਉੱਪਰ ਜਾ ਡਿੱਗਿਆ । ਇਸ ਹਾਦਸੇ ਵਿੱਚ ਉਨ੍ਹਾਂ ਦਾ ਪੁੱਤਰ ਸ਼ਹੀਦ ਹੋ ਗਿਆ। ਉਨ੍ਹਾਂ ਦੱਸਿਆ ਕਿ ਨਾਇਕ ਦਲਜੀਤ ਸਿੰਘ ਨੇ 15 ਅਗਸਤ ਨੂੰ ਛੁੱਟੀ ਆਉਣਾ ਸੀ ਅਤੇ ਛੁੱਟੀ ਆ ਕੇ ਆਪਣਾ ਨਵੇਂ ਘਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣਾ ਸੀ। ਪਿੰਡ ਅਤੇ ਪਰਿਵਾਰ ਵਾਲਿਆਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦਲਜੀਤ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਦੇ ਰੱਖਿਆ ਜਾਵੇ ।