ਸਾਈਕਲਿੰਗ ਲੀਗ: ਲਕੀਸ਼ਾ ਧੀਮਾਨ ਤੇ ਸਵਾਤੀ ਸਵਲੋਕ ਨੇ ਮਾਰੀ ਬਾਜ਼ੀ
ਸਾਈਕਲਿੰਗ ਫੈੱਡਰੇਸ਼ਨ ਆਫ਼ ਇੰਡੀਆ, ਖੇਲੋ ਇੰਡੀਆ ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਕਟਰ 88 ਵਿੱਚ ਪੰਜਾਬ ’ਚ ਆਪਣੀ ਕਿਸਮ ਦਾ ਪਹਿਲਾ ‘ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ ਰੋਡ ਸਾਈਕਲਿੰਗ ਈਵੈਂਟ’ ਕਰਵਾਇਆ ਗਿਆ। ਮਹਿਲਾ ਜੂਨੀਅਰ 10 ਕਿਲੋਮੀਟਰ ਰੇਸ ਵਿੱਚ ਲਕੀਸ਼ਾ ਧੀਮਾਨ ਨੇ ਪਹਿਲਾ, ਪ੍ਰੀਤ ਕੌਰ ਅਨਾਹਤ ਨੇ ਦੂਜਾ ਅਤੇ ਸਰਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਅਲੀਟ 20 ਕਿਲੋਮੀਟਰ ਵਰਗ ਵਿੱਚ ਸਵਾਤੀ ਸਵਲੋਕ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਸਰਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਹਰੇਕ ਭਾਗੀਦਾਰ ਨੂੰ ਸੀਐਫਆਈ ਅਤੇ ਖੇਲੋ ਇੰਡੀਆ ਤੋਂ ਸਰਟੀਫਿਕੇਟ ਦਿੱਤਾ ਗਿਆ ਅਤੇ ਹਰ ਸ਼੍ਰੇਣੀ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ।
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਓਲੰਪੀਅਨ ਸਵਰਨ ਸਿੰਘ ਵਿਰਕ (ਰੋਇੰਗ) ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪੰਜਾਬੀ ਫਿਲਮ ਨਿਰਦੇਸ਼ਕ, ਗੀਤਕਾਰ ਤੇ ਕਹਾਣੀਕਾਰ ਅਮਰਦੀਪ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਇਸ ਈਵੈਂਟ ਦੇ ਰੂਪ ਵਿੱਚ ਕੀਤਾ ਉਪਰਾਲਾ ਜ਼ਮੀਨੀ ਪੱਧਰ ਉੱਤੇ ਧੀਆਂ ਨੂੰ ਸਮਾਜ ਵਿੱਚ ਢੁਕਵੇਂ ਮੌਕੇ ਦੇਣ ਦੀ ਮਿਸਾਲ ਹੈ।
ਇਸ ਮੌਕੇ ਈਵੈਂਟ ਦੇ ਇੰਚਾਰਜ ਜਗਦੀਪ ਸਿੰਘ ਕਾਹਲੋਂ, ਪ੍ਰਧਾਨ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਦੀਪ ਬਜਾਜ (ਸਾਬਕਾ ਸਾਈਕਲਿਸਟ, ਕੈਨੇਡਾ) ਨੇ ਮਹਿਲਾ ਸਾਈਕਲਿਸਟਾਂ ਦੇ ਇਸ ਲੀਗ ਮੁਕਾਬਲੇ ਵਿੱਚ ਤਗਮੇ ਜਿੱਤਣ ’ਤੇ ਵਧਾਈ ਭੇਜੀ।