ਸਾਈਬਰ ਧੋਖਾਧੜੀ: 50 ਕਰੋੜ ਰੁਪਏ ਠੱਗਣ ਵਾਲੇ ਗਰੋਹ ਦਾ ਪਰਦਾਫ਼ਾਸ਼
ਇੱਥੋਂ ਦੀ ਪੁਲੀਸ ਨੇ ਲੋਕਾਂ ਨਾਲ 50 ਕਰੋੜ ਰੁਪਏ ਦੀ ਆਨਲਾਈਨ ਧੋਖਾਧੜੀ ਕਰਨ ਵਾਲੇ ਅੰਤਰ-ਰਾਜੀ ਸਾਈਬਰ ਠੱਗ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦੀ ਐੱਸ ਐੱਚ ਓ ਤਰਨਦੀਪ ਕੌਰ ਅਤੇ ਟੀਮ ਨੇ ਯੂ ਪੀ ਤੇ...
ਇੱਥੋਂ ਦੀ ਪੁਲੀਸ ਨੇ ਲੋਕਾਂ ਨਾਲ 50 ਕਰੋੜ ਰੁਪਏ ਦੀ ਆਨਲਾਈਨ ਧੋਖਾਧੜੀ ਕਰਨ ਵਾਲੇ ਅੰਤਰ-ਰਾਜੀ ਸਾਈਬਰ ਠੱਗ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦੀ ਐੱਸ ਐੱਚ ਓ ਤਰਨਦੀਪ ਕੌਰ ਅਤੇ ਟੀਮ ਨੇ ਯੂ ਪੀ ਤੇ ਹਰਿਆਣਾ ’ਚ ਬੈਠੇ ਅੰਤਰ-ਰਾਜੀ ਗਰੋਹ ਦੇ ਦਸ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਫ਼ਰਜ਼ੀ ਕੰਪਨੀਆਂ ਬਣਾ ਕੇ ਬੈਂਕ ਖਾਤੇ ਖੁਲ੍ਹਵਾਏ ਹੋਏ ਸਨ, ਜਿਸ ਦੌਰਾਨ ਪੈਸੇ ਇਨਵੈਸਟ ਕਰ ਕੇ ਲਾਭ ਕਮਾਉਣ ਦੇ ਝਾਂਸੇ ਦੇ ਕੇ ਡਿਜੀਟਲ ਅਰੈਸਟ ਤਹਿਤ ਧਮਕਾ ਕੇ ਵੱਖ-ਵੱਖ ਲੋਕਾਂ ਤੋਂ ਪੈਸੇ ਬੈਂਕ ਖਾਤਿਆਂ ’ਚ ਟਰਾਂਸਫਰ ਕੀਤੇ ਜਾ ਰਹੇ ਸਨ। ਮੁੱਢਲੇ ਤੌਰ ’ਤੇ ਅਜਿਹੇ 70 ਤੋਂ 80 ਬੈਂਕ ਖਾਤਿਆਂ ਦੀ ਜਾਣਕਾਰੀ ਮਿਲੀ ਹੈ ਜੋ ਸਾਈਬਰ ਕ੍ਰਾਈਮ ਲਈ ਵਰਤੇ ਜਾਂਦੇ ਸਨ। ਇਸ ਗਰੋਹ ਵੱਲੋਂ ਹੁਣ ਤੱਕ ਪੂਰੇ ਭਾਰਤ ਵਿੱਚ 50 ਕਰੋੜ ਰੁਪਏ ਦੀ ਧੋਖਾਧੜੀ ਨੂੰ ਅੰਜ਼ਾਮ ਦਿੱਤਾ ਜਾ ਚੁੱਕਾ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਹੁਣ ਤੱਕ ਪੜਤਾਲ ਅਨੁਸਾਰ ਸਈਬਰ ਧੋਖਾਧੜੀ ਦੇ ਮੁੱਖ ਸਰਗਣੇ ਵਿਦੇਸ਼ਾਂ ਤੋਂ ਭਾਰਤ ਦੇ ਨਾਗਰਿਕਾਂ ਨੂੰ ਵਾਟਸਐਪ ਰਾਹੀਂ ਕਾਲ ਕਰ ਕੇ ਪੈਸੇ ਇਨਵੈਸਟ ਕਰ ਕੇ ਲਾਭ ਕਮਾਉਣ ਦਾ ਝਾਂਸਾ ਦਿੰਦਿਆਂ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਧੋਖਾਧੜੀ ਕਰਨ ਵਾਲੇ ਖ਼ਾਸ ਕਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਫ਼ਰਜ਼ੀ ਪੁਲੀਸ ਅਫ਼ਸਰ ਬਣ ਕੇ ਡਿਜੀਟਲ ਅਰੈਸਟ ਕਰ ਕੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾ ਲੈਂਦੇ ਸਨ। ਇਸ ਗਰੋਹ ਖ਼ਿਲਾਫ਼ ਪੂਰੇ ਭਾਰਤ ਵਿੱਚੋਂ ਡੇਢ ਸੌ ਤੋਂ ਵੀ ਵੱਧ ਕੇਸ ਦਰਜ ਹੋਏ ਹਨ।