ਜੋਗਿੰਦਰ ਸਿੰਘ ਮਾਨ
ਕ੍ਰਿਪਟੋ ਕਰੰਸੀ ਦੇ ਓਹਲੇ ’ਚ ਜਾਅਲੀ ਵੈੱਬਸਾਈਟ ਬਣਾ ਕੇ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਭੈਣ-ਭਰਾ ਨੂੰ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਮੁਹਾਲੀ ’ਚ ਗ੍ਰਿਫ਼ਤਾਰ ਕਰਕੇ ਬੁਢਲਾਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧੀ ਸਾਈਬਰ ਕ੍ਰਾਈਮ ਵਿੰਗ ਦੇ ਇੰਚਾਰਜ ਸਬ-ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਿਟੀ ਪੁਲੀਸ ਬੁਢਲਾਡਾ ਨੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਭੈਣ ਭਰਾ ਸਮੇਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਪੁਲੀਸ ਨੂੰ ਦਿੱਤੇ ਬਿਆਨ ਦੇ ਆਧਾਰ ’ਤੇ ਕੌਂਸਲਰ ਸੁਖਦੀਪ ਸਿੰਘ ਅਤੇ ਸਿਕੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵਾਸੀ ਬਠਿੰਡਾ, ਦੀਪਤੀ ਸੈਣੀ ਅਤੇ ਉਸ ਦਾ ਭਰਾ ਚਾਹਤ ਸੈਣੀ ਨੇ ਵੱਧ ਮੁਨਾਫ਼ੇ ਦਾ ਝਾਂਸਾ ਦੇ ਕੇ ਆਪਣੀ ਵੈੱਬਸਾਈਟ ਬਣਾਕੇ ਜਾਅਲੀ ਕੁਆਇਨ ਤਿਆਰ ਕੀਤਾ ਅਤੇ ਸੁਖਦੀਪ ਸਿੰਘ ਪਾਸੋਂ 3.50 ਕਰੋੜ ਉਸ ਦੇ ਸਾਥੀ ਸਿਕੰਦਰ ਸਿੰਘ ਵਾਸੀ ਪਿੰਡ ਲੱਲੂਆਣਾ (ਮਾਨਸਾ) ਪਾਸੋਂ 1.27 ਕਰੋੜ ਰੁਪਏ ਦਾ ਨਿਵੇਸ਼ ਕਰਵਾ ਕੇ ਚੂਨਾ ਲਾ ਦਿੱਤਾ। ਡੀ ਐੱਸ ਪੀ ਮਾਨਸਾ ਦੀ ਪੜਤਾਲੀਆ ਰਿਪੋਰਟ ਤੋਂ ਬਾਅਦ ਥਾਣਾ ਸਿਟੀ ਬੁਢਲਾਡਾ ਦੀ ਪੁਲੀਸ ਨੇ ਸੁਖਦੇਵ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਹਾਲ ਆਬਾਦ ਵੀ ਆਈ ਪੀ ਰੋਡ ਜ਼ੀਰਕਪੁਰ ਅਤੇ ਦੀਪਤੀ ਸੈਣੀ ਅਤੇ ਉਸ ਦਾ ਭਰਾ ਚਾਹਤ ਸੈਣੀ ਵਾਸੀ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ। ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਭੈਣ-ਭਰਾਵਾਂ ਨੂੰ ਕਾਬੂ ਕਰ ਲਿਆ ਅਤੇ ਤੀਸਰਾ ਸਾਥੀ ਬਰਨਾਲਾ ਜੇਲ੍ਹ ’ਚ ਬੰਦ ਹੈ, ਨੂੰ ਵੀ ਪ੍ਰੋਡਕਸ਼ਨ ਵਾਰੰਟ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

