DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੀਆਂ ਨਹਿਰਾਂ ’ਚ ਚੱਲਣਗੇ ‘ਕਰੂਜ਼’

ਸੂਬਾ ਸਰਕਾਰ ਨੇ 11 ਨਹਿਰਾਂ ਦੇ ਟੈਂਡਰ ਕੱਢੇ; ਸੈਰ ਸਪਾਟੇ ਲਈ ਤਿੰਨ ਨਹਿਰਾਂ ’ਚ ਬੋਟਿੰਗ ਸ਼ੁਰੂ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 6 ਮਾਰਚ

Advertisement

ਪੰਜਾਬ ਦੀਆਂ ਨਹਿਰਾਂ ’ਚ ਹੁਣ ‘ਕਰੂਜ਼’ ਚੱਲਣਗੇ ਤਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ। ਕਈ ਨਹਿਰਾਂ ’ਚ ਬੋਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਕਰੀਬ ਦਰਜਨ ਨਹਿਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚ ਬੋਟਿੰਗ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਮਹਿਕਮੇ ਨੂੰ ਸੈਰ ਸਪਾਟੇ ਦੇ ਪੁਆਇੰਟ ਵਿਕਸਤ ਕਰਨ ਲਈ ਹਰੀ ਝੰਡੀ ਦਿੱਤੀ ਸੀ। ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਨੇੜੇ ਹੀ ਬੋਟਿੰਗ ਦੇ ਮੌਕੇ ਮਿਲ ਸਕਣਗੇ, ਉੱਥੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਇਸ ਤੋਂ ਲਾਹਾ ਮਿਲੇਗਾ।

ਜਲ ਸਰੋਤ ਮਹਿਕਮੇ ਵੱਲੋਂ 11 ਨਹਿਰਾਂ ’ਚ ਬੋਟਿੰਗ/ਕਰੂਜ਼ ਚਲਾਏ ਜਾਣ ਦੇ ਟੈਂਡਰ ਕੀਤੇ ਗਏ ਸਨ ਜਿਨ੍ਹਾਂ ’ਚੋਂ ਤਿੰਨ ਥਾਵਾਂ ’ਤੇ ਬੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਦੋਰਾਹਾ ਲਾਗੇ ਕੰਬਾਈਂਡ ਬਰਾਂਚ, ਜਿੱਥੋਂ ਅਬੋਹਰ ਤੇ ਬਠਿੰਡਾ ਬਰਾਂਚ ਨਿਕਲਦੀ ਹੈ, ’ਚ ਕਰੂਜ਼ ਚੱਲੇਗਾ ਜੋ ਕਰੀਬ 30 ਸੀਟਾਂ ਦਾ ਹੋਵੇਗਾ। ਮਹਿਕਮੇ ਤਰਫ਼ੋਂ ਇਸ ਦਾ ਟੈਂਡਰ ਮੁਕੰਮਲ ਕਰ ਲਿਆ ਗਿਆ ਹੈ ਅਤੇ ਪ੍ਰਾਈਵੇਟ ਕੰਪਨੀ ਨੇ ਕਿਸ਼ਤੀਆਂ ਤੇ ਕਰੂਜ਼ ਦਾ ਆਰਡਰ ਦੇ ਦਿੱਤਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਤਲਵਾੜਾ ਨੇੜੇ ਸ਼ਾਹ ਨਹਿਰ ਬੈਰਾਜ ’ਚ ਬੋਟਿੰਗ ਸ਼ੁਰੂ ਹੋ ਗਈ ਹੈ ਅਤੇ ਇਸੇ ਤਰ੍ਹਾਂ ਸੰਗਰੂਰ ਦੇ ਨਦਾਮਪੁਰ ਲਾਗੇ ਘੱਗਰ ਬਰਾਂਚ ’ਚ ਬੋਟਿੰਗ ਸ਼ੁਰੂ ਹੋ ਚੁੱਕੀ ਹੈ। ਨਿਦਾਮਪੁਰ ਪ੍ਰਾਜੈਕਟ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਦੋ ਮੈਂਬਰਾਂ ਤੋਂ 400 ਰੁਪਏ ਵਸੂਲਦੇ ਹਨ ਅਤੇ ਇੱਕ ਕਿਲੋਮੀਟਰ ਦੀ 10 ਮਿੰਟ ਤੱਕ ਦੀ ਬੋਟਿੰਗ ਕਰਾਉਂਦੇ ਹਨ। ਪ੍ਰੀ-ਵੈਡਿੰਗ ਸ਼ੂਟ ਲਈ ਵੱਖਰੇ ਚਾਰਜਿਜ਼ ਲਏ ਜਾਂਦੇ ਹਨ। ਇਸ ਪ੍ਰਾਜੈਕਟ ਤੋਂ ਸਰਕਾਰ ਨੂੰ ਆਮਦਨ ਹੋਵੇਗੀ।

ਰੋਪੜ ਹੈੱਡ ਵਰਕਸ ’ਤੇ ਵੀ ਬੋਟਿੰਗ ਸ਼ੁਰੂ ਕਰਨ ਦੇ ਟੈਂਡਰ ਹੋ ਚੁੱਕੇ ਹਨ। ਰੋਪੜ ਹੈੱਡ ਵਰਕਸ ਦੇ ਬੋਟਿੰਗ ਪ੍ਰਾਜੈਕਟ ਤੋਂ ਸਰਕਾਰ ਨੂੰ 10,77,777 ਰੁਪਏ ਸਾਲਾਨਾ ਆਮਦਨ ਹੋਵੇਗੀ ਅਤੇ ਹਰ ਸਾਲ 10 ਫ਼ੀਸਦੀ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਵਿੱਚ ਬੋਟਿੰਗ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹਫ਼ਤੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਤੋਂ ਮਾਲੀਆ ਹਾਸਲ ਹੋਵੇਗਾ ਤੇ ਲੋਕਾਂ ਨੂੰ ਮਨੋਰੰਜਨ ਲਈ ਘਰ ਦੇ ਨੇੜੇ ਸੈਰ-ਸਪਾਟੇ ਵਾਲੀ ਥਾਂ ਮਿਲ ਜਾਵੇਗੀ। ਬਹੁਤੇ ਪ੍ਰਾਜੈਕਟਾਂ ਦੇ ਸਮਝੌਤੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਨੇ ਇਸ ’ਚ ਕਾਫ਼ੀ ਦਿਲਚਸਪੀ ਦਿਖਾਈ ਹੈ।

ਰੈਸਟ ਹਾਊਸਾਂ ’ਚ ਖੋਲ੍ਹੇ ਜਾ ਰਹੇ ਨੇ ਕੈਫੇਟੇਰੀਆ

ਨਹਿਰ ਮਹਿਕਮੇ ਵੱਲੋਂ ਪੁਰਾਣੀਆਂ ਥਾਵਾਂ ’ਤੇ ਕੈਫੇਟੇਰੀਆ ਵੀ ਖੋਲ੍ਹੇ ਜਾ ਰਹੇ ਹਨ। ਰੋਪੜ ਹੈੱਡਵਰਕਸ ਅਤੇ ਹੁਸ਼ਿਆਰਪੁਰ ਵਿੱਚ ਕੈਫ਼ੇ ਖੋਲ੍ਹੇ ਜਾ ਰਹੇ ਹਨ ਜਦਕਿ ਹੁਸੈਨੀਵਾਲਾ ਰੈਸਟ ਹਾਊਸ ਨੂੰ ਵੀ (ਹਰ ਸਾਲ 10 ਫ਼ੀਸਦੀ ਦਾ ਵਾਧਾ) ਕਿਰਾਏ ’ਤੇ ਦਿੱਤਾ ਗਿਆ ਹੈ। ਲਹਿਲ ਰੈਸਟ ਹਾਊਸ ਨੂੰ ਫਿਸ਼ ਫਾਰਮਿੰਗ ਲਈ ਸੱਤ ਸਾਲ ਲਈ ਲੀਜ਼ ’ਤੇ ਦਿੱਤਾ ਗਿਆ ਹੈ।

Advertisement
×