ਬੰਨ੍ਹ ’ਚ ਪਾੜ ਪੈਣ ਕਾਰਨ ਕਈ ਪਿੰਡਾਂ ਦੀ ਫ਼ਸਲ ਪਾਣੀ ’ਚ ਡੁੱਬੀ
ਜਸਬੀਰ ਸਿੰਘ ਚਾਨਾ
ਸੁਲਤਾਨਪੁਰ ਲੋਧੀ ਦੇ ਬੰਨ੍ਹ ’ਚ ਪਾੜ ਪੈਣ ਕਾਰਨ ਕਈ ਪਿੰਡਾਂ ਦੀ ਫ਼ਸਲ ਨੁਕਸਾਨੀ ਗਈ ਤੇ ਕਈ ਘਰਾਂ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਬਿਆਸ ਦਰਿਆ ਦੇ ਬੰਨ੍ਹ ’ਚ ਅੱਜ ਸਵੇਰੇ ਪੰਜ ਵਜੇ ਪਾੜ ਪੈ ਗਿਆ ਜਿਸ ਕਾਰਨ ਲਾਗਲੇ ਪਿੰਡਾਂ ’ਚ ਪਾਣੀ ਦਾਖਲ ਹੋ ਗਿਆ। ਇਨ੍ਹਾਂ ਪਿੰਡਾਂ ’ਚ ਬਾਊ ਮਾਜਰਾ, ਪਸ਼ਨ ਕਨੀਮ, ਮੰਡ ਬਾਊਪੁਰਾ, ਸ਼ੇਰਪੁਰਾ, ਮਹੀਵਾਲ, ਸ਼ੇਰਪੁਰਾ, ਧੁੰਦਾ ਸ਼ਾਮਲ ਹਨ। ਪਿੰਡ ਦੇ ਆਗੂਆਂ ਨੇ ਦੱਸਿਆ ਕਿ ਇਸ ਪਾਣੀ ਕਾਰਨ ਝੋਨੇ ਦੀ ਤਿਆਰ ਹੋਈ ਫ਼ਸਲ ਖਰਾਬ ਹੋ ਗਈ ਤੇ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਉਹ ਬੰਨ੍ਹ ਰੋਕਣ ਦਾ ਕੰਮ ਵੀ ਖੁਦ ਕਰ ਰਹੇ ਹਨ ਤੇ ਪ੍ਰਸ਼ਾਸਨ ਵਲੋਂ ਕੋਈ ਉਪਰਾਲੇ ਨਹੀਂ ਕੀਤੇ ਗਏ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ’ਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਡੀਐਮ ਭੁਲੱਥ ਤੇ ਸੁਲਤਾਨਪੁਰ ਲੋਧੀ ਨੂੰ ਲੋਕਾਂ ਨਾਲ ਰਾਬਤਾ ਬਣਾਈ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਪ੍ਰਸ਼ਾਸਨ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮਾਮਲੇ ’ਤੇ ਡਰੇਨੇਜ ਵਿਭਾਗ ਤੇ ਪੌਂਗ ਡੈਮ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਰੱਖਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸੂਚਨਾ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੈ, ਸਿਹਤ ਵਿਭਾਗ ਵਲੋਂ ਦਵਾਈਆਂ ਤੇ ਪਸ਼ੂ ਪਾਲਣ ਵਿਭਾਗ ਵਲੋਂ ਸੁੱਕੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਐਨਡੀਆਰਐਫ ਤੇ ਐਸਡੀਆਰਐਫ਼ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਸੁਲਤਾਨਪੁਰ ਲੋਧੀ ਦੀ ਐਸਡੀਐਮ ਅਲਕਾ ਕਾਲੀਆ ਨੇ ਮੰਡ, ਕੂਕਾ ਪਿੰਡ ਦਾ ਦੌਰਾ ਕੀਤਾ ਤੇ ਕਿਸਾਨਾਂ ਦੀ ਫ਼ਸਲ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਸਰਵਣ ਸਿੰਘ ਬਾਊਪੁਰ, ਬਖਸ਼ਿਸ਼ ਸਿੰਘ ਰਾਮਪੁਰਾ, ਅਮਰ ਸਿੰਘ ਮੰਡ, ਗੁਰਮੇਲ ਸਿੰਘ ਚੌਧਰੀ ਨੇ ਕਿਹਾ ਕਿ ਉਹ ਬੰਨ੍ਹ ਦੀ ਮਜ਼ਬੂਤੀ ਤੇ ਹੜ੍ਹ ਦੀ ਸਥਿਤੀ ਨੂੰ ਰੋਕਣ ਲਈ ਪ੍ਰਸ਼ਾਸਨ ਕੋਲ ਪੰਜ ਦਿਨਾਂ ਤੋਂ ਪਹੁੰਚ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।