ਫ਼ਸਲੀ ਨੁਕਸਾਨ: ਵਿਸ਼ੇਸ਼ ਗਿਰਦਾਵਰੀ ਅੰਤਿਮ ਪੜਾਅ ’ਤੇ
15 ਤੋਂ ਮੁਆਵਜ਼ੇ ਦੀ ਵੰਡ ਸ਼ੁਰੂ ਹੋਣ ਦੀ ਸੰਭਾਵਨਾ; 300 ਪਿੰਡਾਂ ਵਿੱਚ ਰਿਪੋਰਟਾਂ ਵੰਡੀਆਂ
ਪੰਜਾਬ ’ਚ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਦਾ ਕੰਮ ਅੰਤਿਮ ਪੜਾਅ ’ਤੇ ਹੈ। ਸੂਬਾ ਸਰਕਾਰ ਅਗਲੇ ਹਫ਼ਤੇ ਦੇ ਸ਼ੁਰੂ ਤੱਕ ਗਿਰਦਾਵਰੀ ਦਾ ਕੰਮ ਮੁਕੰਮਲ ਕਰਨਾ ਚਾਹੁੰਦੀ ਹੈ। ਪੰਜਾਬ ’ਚ ਅਗਸਤ-ਸਤੰਬਰ ਮਹੀਨੇ ’ਚ ਹੜ੍ਹਾਂ ਕਾਰਨ ਕਰੀਬ ਪੰਜ ਲੱਖ ਏਕੜ ਫ਼ਸਲ ਦਾ ਨੁਕਸਾਨ ਹੋ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਲੰਘੇ ਵਿਸ਼ੇਸ਼ ਸੈਸ਼ਨ ’ਚ ਐਲਾਨ ਕੀਤਾ ਸੀ ਕਿ ਹੜ੍ਹਾਂ ’ਚ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਵੰਡ 15 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਦੀਵਾਲੀ ਤੋਂ ਪਹਿਲਾਂ ਮੁਆਵਜ਼ੇ ਦੇ ਚੈੱਕ ਲੋਕਾਂ ਦੇ ਘਰਾਂ ’ਚ ਪੁੱਜਣੇ ਸ਼ੁਰੂ ਹੋ ਜਾਣਗੇ।
ਪੰਜਾਬ ਸਰਕਾਰ ਨੇ ਨੁਕਸਾਨੀ ਫ਼ਸਲ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਵਿਸ਼ੇਸ਼ ਗਿਰਦਾਵਰੀ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ ਤੇ ਪਟਵਾਰੀਆਂ ਵੱਲੋਂ ਕੀਤੇ ਕੰਮ ਦੀ ਤਸਦੀਕ ਹੁਣ ਕਾਨੂੰਨਗੋ ਅਤੇ ਤਹਿਸੀਲਦਾਰ ਕਰਨਗੇ। ਮਾਲ ਵਿਭਾਗ ਦੇ ਉੱਚ ਅਧਿਕਾਰੀ ਆਖਦੇ ਹਨ ਕਿ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸੱਤ ਅਕਤੂਬਰ ਤੱਕ ਮੁਕੰਮਲ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਗਿਰਦਾਵਰੀ ਦਾ ਕੰਮ ਮੁਕੰਮਲ ਹੋਣ ਮਗਰੋਂ ਰਿਪੋਰਟਾਂ ਜਨਤਕ ਕੀਤੀਆਂ ਜਾਣਗੀਆਂ।
ਅਧਿਕਾਰੀ ਆਖਦੇ ਹਨ ਕਿ ਇਹ ਰਿਪੋਰਟਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਨੰਬਰਦਾਰਾਂ ਨੂੰ ਦਿੱਤੀਆਂ ਜਾਣਗੀਆਂ। ਜੇ ਕਿਸੇ ਪੀੜਤ ਵਿਅਕਤੀ ਦੀ ਫ਼ਸਲ ਦੀ ਗਿਰਦਾਵਰੀ ਰਿਪੋਰਟ ’ਚ ਸ਼ਾਮਲ ਨਹੀਂ ਹੋਵੇਗੀ ਤਾਂ ਉਹ ਇਤਰਾਜ਼ ਕਰੇਗਾ ਜਿਸ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ।
ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅਗਸਤ-ਸਤੰਬਰ ਦੇ ਹੜ੍ਹਾਂ ਦੌਰਾਨ ਝੋਨੇ ਹੇਠਲਾ 1.58 ਲੱਖ ਹੈਕਟੇਅਰ ਰਕਬਾ, ਮੱਕੀ ਹੇਠਲਾ 2902 ਹੈਕਟੇਅਰ ਰਕਬਾ, ਕਪਾਹ ਹੇਠਲਾ 12,758 ਹੈਕਟੇਅਰ ਅਤੇ ਗੰਨੇ ਹੇਠਲਾ 11,896 ਹੈਕਟੇਅਰ ਰਕਬਾ ਨੁਕਸਾਨਿਆ ਗਿਆ ਹੈ। ਸ਼ੁਰੂਆਤੀ ਅਨੁਮਾਨਾਂ ਵਿੱਚ ਗੁਰਦਾਸਪੁਰ ’ਚ 40,153 ਹੈਕਟੇਅਰ, ਅੰਮ੍ਰਿਤਸਰ ’ਚ 29,523 ਹੈਕਟੇਅਰ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਪਤਾ ਲੱਗਿਆ ਹੈ ਕਿ ਬਾਗ਼ਬਾਨੀ ਅਤੇ ਸਾਲਾਨਾ ਫ਼ਸਲਾਂ (ਪੰਜਾਬ ਦੇ ਮਾਮਲੇ ਵਿੱਚ ਗੰਨਾ) ਦਾ 33 ਫ਼ੀਸਦੀ ਤੋਂ ਵੱਧ ਨੁਕਸਾਨ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮਿਲੇਗਾ। ਇਸ ਮੁਆਵਜ਼ੇ ਵਿੱਚ ਕੇਂਦਰ ਸਰਕਾਰ ਵੱਲੋਂ 6800 ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਜਦੋਂਕਿ ਸੂਬਾ ਸਰਕਾਰ 13,200 ਰੁਪਏ ਪ੍ਰਤੀ ਏਕੜ ਦੀ ਹਿੱਸੇਦਾਰੀ ਪਾਵੇਗੀ। ਮਾਲ ਵਿਭਾਗ ਰੋਜ਼ਾਨਾ ਗਿਰਦਾਵਰੀ ਦੀ ਰਿਪੋਰਟ ਲੈ ਰਿਹਾ ਹੈ।
ਹੜ੍ਹਾਂ ’ਚ ਪੰਜਾਬ ਦੇ ਕਰੀਬ 2614 ਪਿੰਡ ਪ੍ਰਭਾਵਿਤ ਹੋਏ ਸਨ ਅਤੇ ਕਰੀਬ 300 ਪਿੰਡਾਂ ਵਿੱਚ ਰਿਪੋਰਟਾਂ ਵੰਡੀਆਂ ਜਾ ਚੁੱਕੀਆਂ ਹਨ।
ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚਿਤਾਵਨੀ
ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਅਗਾਊਂ ਚਿਤਾਵਨੀ ਦਿੱਤੀ ਹੈ ਕਿ ਜੇ ਵਿਸ਼ੇਸ਼ ਗਿਰਦਾਵਰੀ ਦੇ ਕੰਮ ਵਿੱਚ ਕੋਈ ਗੜਬੜ ਹੋਈ ਤਾਂ ਸਖ਼ਤ ਐਕਸ਼ਨ ਲਿਆ ਜਾਵੇਗਾ। ਮੁੱਖ ਮੰਤਰੀ ਆਖ ਚੁੱਕੇ ਹਨ ਕਿ ਪਿਛਲੇ ਸਮੇਂ ਦੌਰਾਨ ਅਜਿਹਾ ਹੁੰਦਾ ਰਿਹਾ ਹੈ ਕਿ ਲੋੜਵੰਦ ਵਿਅਕਤੀ ਮੁਆਵਜ਼ੇ ਤੋਂ ਵਾਂਝੇ ਰਹਿ ਜਾਂਦੇ ਸਨ ਜਦੋਂਕਿ ਪ੍ਰਭਾਵਸ਼ਾਲੀ ਵਿਅਕਤੀ ਬਿਨਾਂ ਖ਼ਰਾਬੇ ਤੋਂ ਮੁਆਵਜ਼ਾ ਲੈ ਜਾਂਦੇ ਸਨ।