ਨਵੀਂ ਦਿੱਲੀ, 3 ਜੁਲਾਈ
ਕਾਂਗਰਸ ਨੇ 2018 ਤੋਂ 2022 ਦਰਮਿਆਨ ਅਨੁਸੂਚਿਤ ਜਾਤੀ (ਐੱਸਸੀ) ਅਤੇ ਅਨੁਸੂਚਿਤ ਜਨਜਾਤੀ (ਐੱਸਟੀ) ਵਿਰੁੱਧ ਅਪਰਾਧ ਵਿੱਚ 35 ਫੀਸਦ ਵਾਧਾ ਹੋਣ ਦਾ ਦੋਸ਼ ਲਗਾਇਆ ਹੈ ਅਤੇ ਅਜਿਹੀਆਂ ਸ਼ਿਕਾਇਤਾਂ ਦੇ ਜਲਦੀ ਨਿਬੇੜੇ ਦੀ ਮੰਗ ਕੀਤੀ ਹੈ।
ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਅਨੁਸੂਚਿਤ ਜਾਤੀ ਵਿੰਗ ਦੇ ਚੇਅਰਮੈਨ ਰਾਜੇਂਦਰ ਪਾਲ ਗੌਤਮ ਨੇ ਕਿਹਾ ਕਿ ਐੱਸਸੀ ਅਤੇ ਐੱਸਟੀ ਖ਼ਿਲਾਫ਼ ਅਪਰਾਧ ਸਬੰਧੀ ਸ਼ਿਕਾਇਤਾਂ ਵਿੱਚ ਅਜਿਹੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਕਿ ਅਜਿਹੇ ਅਪਰਾਧ ਕਰਨ ਵਾਲਿਆਂ ਲਈ ਡਰ ਪੈਦਾ ਕਰਨ। ਉਨ੍ਹਾਂ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਹੋਰ ਸ਼ਿਕਾਇਤਾਂ ਦੇ ਨਿਬੇੜੇ ਲਈ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਹੀ ਵਰਤੋਂ ਦੀ ਮੰਗ ਕੀਤੀ ਅਤੇ ਸਾਰੇ ਸੂਬਿਆਂ ਨੂੰ ਜਾਤ-ਆਧਾਰਿਤ ਜ਼ੁਲਮ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਤਾਂ ਜੋ ਨਿਆਂ ਯਕੀਨੀ ਬਣਾਇਆ ਜਾ ਸਕੇ।
ਗੌਤਮ ਨੇ ਕਿਹਾ, ‘‘ਜਾਤ-ਆਧਾਰਿਤ ਜ਼ੁਲਮ ਦੇ ਮਾਮਲਿਆਂ ਵਿੱਚ ਅਜਿਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿ ਭਵਿੱਖ ’ਚ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਅਜਿਹੇ ਅਪਰਾਧ ਕਰਨ ਵਾਲੇ ਡਰ ਮਹਿਸੂਸ ਕਰਨ।’’ ਉਨ੍ਹਾਂ ਭਾਰਤ ਦੇ ਚੀਫ਼ ਜਸਟਿਸ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਜੱਜਾਂ ਵਿਰੁੱਧ ਕਾਰਵਾਈ ਕਰਨ ਜੋ ਕਿ ‘ਜ਼ੁਲਮ’ ਦੇ ਮਾਮਲਿਆਂ ਵਿੱਚ ‘ਜਾਤ-ਪਾਤ ਦੀ ਮਾਨਸਿਕਤਾ’ ਨਾਲ ਫੈਸਲੇ ਸੁਣਾਉਂਦੇ ਹਨ।
ਉਨ੍ਹਾਂ ਕਿਹਾ, ‘‘ਦੇਸ਼ ਵਿੱਚ ਦਲਿਤਾਂ, ਕਬਾਇਲੀਆਂ, ਪੱਛੜੇ ਵਰਗਾਂ ਅਤੇ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਭਾਜਪਾ ਸ਼ਾਸਿਤ ਸੂਬਿਆਂ ਵਿੱਚ ਹਾਲਾਤ ਖ਼ਾਸ ਤੌਰ ’ਤੇ ਮਾੜੇ ਹਨ ਅਤੇ ਇਨ੍ਹਾਂ ਘਟਨਾਵਾਂ ਪ੍ਰਤੀ ਸਰਕਾਰ ਦਾ ਰਵੱਈਆ ਬਹੁਤ ਗੈਰ-ਜ਼ਿੰਮੇਵਾਰਾਨਾ ਹੈ। ਇਹ ਘਟਨਾਵਾਂ ਐਨੀਆਂ ਸ਼ਰਮਨਾਕ ਹਨ ਕਿ ਉਹ ਪੂਰੇ ਦੇਸ਼ ਨੂੰ ਬਦਨਾਮ ਕਰਦੀਆਂ ਹਨ ਅਤੇ ਵਿਸ਼ਵ ਪੱਧਰ ’ਤੇ ਦੇਸ਼ ਦੇ ਅਕਸ ਨੂੰ ਢਾਹ ਲਾਉਂਦੀਆਂ ਹਨ।’’ -ਪੀਟੀਆਈ
ਅਧਿਕਾਰਤ ਅੰਕੜਿਆਂ ਦਾ ਦਿੱਤਾ ਹਵਾਲਾ
ਐੱਸਸੀ/ਐੱਸਟੀ ਵਿਰੁੱਧ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਾਜੇਂਦਰ ਪਾਲ ਗੌਤਮ ਨੇ ਕਿਹਾ ਕਿ ਹਰਿਆਣਾ ਵਿੱਚ 2017 ਵਿੱਚ ਦਲਿਤਾਂ ਖ਼ਿਲਾਫ਼ ਅਪਰਾਧ ਦੀਆਂ 762 ਦੀਆਂ ਘਟਨਾਵਾਂ ਵਾਪਰੀਆਂ ਸਨ ਜੋ ਕਿ 2021 ਤੱਕ ਵਧ ਕੇ 1,628 ਹੋ ਗਈਆਂ। ਮੱਧ ਪ੍ਰਦੇਸ਼ ਵਿੱਚ ਇੱਕ ਸਾਲ ਵਿੱਚ ਘਟਨਾਵਾਂ 5,892 ਤੋਂ ਵਧ ਕੇ 7,214 ਹੋ ਗਈਆਂ, ਜਦੋਂ ਕਿ ਮਹਾਰਾਸ਼ਟਰ ਵਿੱਚ ਅਜਿਹੀਆਂ ਘਟਨਾਵਾਂ ਇੱਕ ਸਾਲ ਵਿੱਚ 1,689 ਤੋਂ ਵਧ ਕੇ 2,503 ਹੋ ਗਈਆਂ। ਉਨ੍ਹਾਂ ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਉੜੀਸਾ ਵਿੱਚ, ਇੱਕ ਸਾਲ ਵਿੱਚ ਘਟਨਾਵਾਂ 1,669 ਤੋਂ ਵਧ ਕੇ 2,327 ਹੋ ਗਈਆਂ। ਰਾਜਸਥਾਨ ਵਿੱਚ, ਇੱਕ ਸਾਲ ਵਿੱਚ ਘਟਨਾਵਾਂ 4,238 ਤੋਂ ਵਧ ਕੇ 7,224 ਹੋ ਗਈਆਂ। ਉੱਤਰ ਪ੍ਰਦੇਸ਼ ਵਿੱਚ ਘਟਨਾਵਾਂ ਇੱਕ ਸਾਲ ’ਚ 11,444 ਤੋਂ ਵਧ ਕੇ 13,144 ਹੋ ਗਈਆਂ। ਇਸੇ ਤਰ੍ਹਾਂ ਉੱਤਰਾਖੰਡ ਵਿੱਚ ਇੱਕ ਸਾਲ ’ਚ ਘਟਨਾਵਾਂ 96 ਤੋਂ ਵਧ ਕੇ 130 ਹੋ ਗਈਆਂ।’’