ਲੈਫਟੀਨੈਂਟ ਕਰਨਲ ਮਨਕੋਟੀਆ ਤੇ ਸਿਪਾਹੀ ਦਲਜੀਤ ਦਾ ਸਸਕਾਰ
ਫੌਜ ਦੀ 14 ਸਿੰਧ ਹਾਰਸ ਯੂਨਿਟ ਦੇ ਸ਼ਹੀਦ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਮਨਕੋਟੀਆ ਅਤੇ ਨਾਇਕ ਦਲਜੀਤ ਸਿੰਘ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਤਿਰੰਗੇ ’ਚ ਲਿਪਟੀ ਕਰਨਲ ਮਨਕੋਟੀਆ ਦੀ ਲਾਸ਼ ਨੂੰ ਉਸ ਦੇ ਪਠਾਨਕੋਟ ਸਥਿਤ ਅਬਰੋਲ ਨਗਰ ਸਥਿਤ ਘਰ ਲਿਆਂਦਾ ਗਿਆ। ਇਸ ਮੌਕੇ ਸ਼ਹੀਦ ਦੀ ਮਾਂ ਸੁਨੀਤਾ ਮਨਕੋਟੀਆ, ਪਿਤਾ ਸੇਵਾਮੁਕਤ ਕਰਨਲ ਆਰਪੀਐੱਸ ਮਨਕੋਟੀਆ, ਉਸ ਦੀ ਪਤਨੀ ਤਾਰਿਣੀ ਮਨਕੋਟੀਆ ਦਾ ਰੋ ਰੋ ਕੇ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਮਨਕੋਟੀਆ ਅਤੇ ਨਾਇਕ ਦਲਜੀਤ ਸਿੰਘ ਲੱਦਾਖ ਵਿੱਚ ਬੀਤੇ ਦਿਨ ਦੁਰਬੁਕ ਖੇਤਰ ਦੀ ਫਾਇਰਿੰਗ ਰੇਂਜ ’ਤੇ ਜਾਣ ਸਮੇਂ ਵਾਹਨ ਉੱਤੇ ਚੱਟਾਨ ਡਿੱਗਣ ਕਾਰਨ ਸ਼ਹੀਦ ਹੋ ਗਏ ਸਨ। ਹਾਦਸੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ। ਸ਼ਮਸ਼ਾਨਘਾਟ ਵਿੱਚ ਇੱਥੇ ਮਾਮੂਨ ਕੈਂਟ ਤੋਂ ਆਈ ਫੌਜ ਦੀ 23 ਪੰਜਾਬ ਯੂਨਿਟ ਦੇ ਕਮਾਂਡਿੰਗ ਅਫਸਰ ਕਰਨਲ ਪੰਕਜ ਰਾਠੀ ਅਤੇ ਟੂਆਈਸੀ ਗੌਰਵ ਸ਼ੈਟੀ ਦੀ ਅਗਵਾਈ ਹੇਠ ਪੁੱਜੀ ਫੌਜੀ ਟੁਕੜੀ ਨੇ ਸ਼ਹੀਦ ਕਰਨਲ ਨੂੰ ਸਲਾਮੀ ਦਿੱਤੀ। ਇਸ ਮੌਕੇ ਆਰਮੀ ਕਮਾਂਡਰ ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਐੱਮਕੇ ਕਟਿਆਰ, ਰਿਟਾਇਰਡ ਲੈਫਟੀਨੈਂਟ ਜਨਰਲ ਪ੍ਰਵੀਨ ਬਖਸ਼ੀ, ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਏਡੀਸੀ ਹਰਦੀਪ ਸਿੰਘ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸ਼ਹੀਦ ਦੇ ਭਰਾ ਮੇਜਰ ਸ਼ੌਰਿਆ ਪ੍ਰਤਾਪ ਸਿੰਘ ਮਨਕੋਟੀਆ ਨੇ ਦੇਹ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਨਾਲ ਖੜ੍ਹੀ ਹੈ।
ਇਸ ਦੌਰਾਨ ਸ਼ਹੀਦ ਸਿਪਾਹੀ ਦਲਜੀਤ ਸਿੰਘ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਅਤੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦਲਜੀਤ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ।