ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਕਰਵਾਏ ਜਾ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਤੀਜਾ ਦਿਨ ‘ਪੰਜਾਬ ਤੇ ਪੱਤਰਕਾਰੀ ਨੂੰ ਸਮਰਪਿਤ ਰਿਹਾ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ ਨੇ ਕੀਤੀ। ਮੁੱਖ ਮਹਿਮਾਨ ਵਜੋਂ ਡਾ. ਐੱਸ ਪੀ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਚਾਨਾ ਸ਼ਾਮਲ ਹੋਏ। ਇਸ ਸੈਸ਼ਨ ਵਿਚ ਪੰਜਾਬ ਬਾਰੇ ਗੱਲਾਂ ਕਰਨ ਲਈ ਵਿਸ਼ੇਸ਼ ਤੌਰ ’ਤੇ ਡਾ. ਸਵਰਾਜਬੀਰ, ਆਰਿਸ਼ ਛਾਬੜਾ, ਸ਼ਿਵਇੰਦਰ ਸਿੰਘ, ਰਾਜੀਵ ਖੰਨਾ ਸ਼ਾਮਲ ਹੋਏ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰਧਾਨਗੀ ਮੰਡਲ, ਸਰੋਤਿਆਂ ਦਾ ਸਵਾਗਤ ਕੀਤਾ।
ਸੈਸ਼ਨ ਦੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ ਪੀ ਸਿੰਘ ਨੇ ਪੱਤਰਕਾਰੀ ਨੂੰ ਸਮਰਪਿਤ ਸੰਵਾਦ ਰਚਾਉਣ ਦੀ ਸ਼ਲਾਘਾ ਕੀਤੀ। ਪ੍ਰੋ. ਜਗਮੋਹਨ ਸਿੰਘ ਨੇ ਪੰਜਾਬ ਵਿਚ ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਦੀ ਹਾਂ-ਪੱਖੀ ਪਰੰਪਰਾ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ’ਤੇ ਚਰਚਾ ਕੀਤੀ।
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਬੌਧਿਕ ਸੰਵਾਦ ਮੇਲੇ ਦਾ ਵਿਸ਼ੇਸ਼ ਸੈਸ਼ਨ ਬਣ ਗਿਆ ਹੈ। ਅਖ਼ੀਰ ’ਚ ਸੁਰਿੰਦਰ ਕੈਲੇ ਨੇ ‘ਅਣੂ’ ਸਣੇ ਸਾਹਿਤਕ ਪਰਚਿਆਂ ਬਾਰੇੇ ਗੱਲ ਕੀਤੀ। ਡਾ. ਸਵਰਾਜਬੀਰ ਨੇ ਕਿਹਾ ਕਿ ਫ਼ਿਰਕਾਪ੍ਰਸਤੀ ਅੱਜ ਵੀ ਸਾਡੇ ਲਈ ਚੁਣੌਤੀ ਬਣੀ ਹੋਈ ਹੈ। ਸ਼ਿਵਇੰਦਰ ਸਿੰਘ ਨੇ ਪੱਤਰਕਾਰੀ ਦੇ ਅਜੋਕੇ ਪੱਧਰ ਅਤੇ ਉਸ ’ਚ ਕਾਰਪੋਰੇਟ ਅਤੇ ਸੰਸਾਰੀਕਰਨ ਵਲੋਂ ਪਾਏ ਜਾ ਰਹੇ ਅਸਰ ਬਾਰੇ ਫ਼ਿਕਰ ਜਤਾਇਆ। ਬੀ ਬੀ ਸੀ ਤੋਂ ਪੱਤਰਕਾਰਾਂ ਆਰਿਸ਼ ਛਾਬੜਾ ਤੇ ਰਾਜੀਵ ਖੰਨਾ ਨੇ ਪੱਤਰਕਾਰੀ ’ਚ ਸਰਮਾਏਦਾਰਾਂ ਅਤੇ ਕਾਰਪੋਰੇਟ ਦੇ ਬੇਲੋੜੇ ਦਖ਼ਲ ਦੀ ਮਿਸਾਲਾਂ ਦੇ ਕੇ ਵਿਆਖਿਆ ਕੀਤੀ। ਦੂਜੇ ਸੈਸ਼ਨ ’ਚ ਡਾ. ਗੁਰਇਕਬਾਲ ਸਿੰਘ ਨੇ ਰਵਿੰਦਰ ਸਹਿਰਾਅ ਨਾਲ ਕਵਿਤਾ ਅਤੇ ਪਰਵਾਸ ਬਾਰੇ ਗੰਭੀਰ ਸੰਵਾਦ ਰਚਾਇਆ। ਇਸ ਦੌਰਾਨ ਅਦਾਕਾਰ ਧਰਮਿੰਦਰ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਜਨਰਲ ਸਕੱਤਰ ਡਾ. ਪੰਧੇਰ ਨੇ ਦੱਸਿਆ ਕਿ ਧਰਮਿੰਦਰ ਅਕਾਦਮੀ ਦੇ ਮੁੱਢਲੇ ਸਰਪ੍ਰਸਤਾਂ ਵਿਚੋਂ ਸਨ। ਇਸ ਦੌਰਾਨ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਦਾ ਨਾਟਕ ‘ਘਰ ਘਰ’ ਖੇਡਿਆ ਗਿਆ।

