ਵਿਜੈ ਸਿੰਗਲਾ ਬਾਰੇ ਅਦਾਲਤੀ ਫ਼ੈਸਲਾ 21 ਨੂੰ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 14 ਜੁਲਾਈ
ਸਾਬਕਾ ਸਿਹਤ ਮੰਤਰੀ ਅਤੇ ਮਾਨਸਾ ਹਲਕੇ ਤੋਂ ‘ਆਪ’ ਵਿਧਾਇਕ ਵਿਜੈ ਸਿੰਗਲਾ ਨੂੰ ਪੁਲੀਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਿੱਤੀ ਕਲੀਨ ਚਿੱਟ ਦੇਣ ਦਾ ਮਾਮਲਾ ਹੁਣ 21 ਜੁਲਾਈ ’ਤੇ ਪੈ ਗਿਆ ਹੈ। ਮੁਹਾਲੀ ਦੇ ਫੇਜ਼ ਅੱਠ ਥਾਣੇ ਦੀ ਪੁਲੀਸ ਵੱਲੋਂ ਸਿੰਗਲਾ ਦੇ ਮਾਮਲੇ ਨੂੰ ਬੰਦ ਕਰਨ ਲਈ ਕਲੋਜ਼ਰ ਰਿਪੋਰਟ ਪਿਛਲੇ ਮਹੀਨੇ ਮੁਹਾਲੀ ਦੀ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਸੀ। ਅਦਾਲਤ ਵੱਲੋਂ ਇਸ ਸਬੰਧੀ 14 ਜੁਲਾਈ ਨਿਰਧਾਰਿਤ ਕੀਤੀ ਗਈ ਸੀ। ਅੱਜ ਇਸ ਮਾਮਲੇ ਸਬੰਧੀ ਸਰਕਾਰੀ ਵਕੀਲ ਵੱਲੋਂ ਅਦਾਲਤ ਕੋਲੋਂ ਸਮਾਂ ਮੰਗਣ ਉਪਰੰਤ ਇਸ ਮਾਮਲੇ ’ਤੇ ਹੁਣ 21 ਨੂੰ ਫੈਸਲਾ ਹੋਵੇਗਾ। ਜ਼ਿਕਰਯੋਗ ਹੈ ਇਹ ਕੇਸ ਪੰਜਾਬ ਸਿਹਤ ਕਾਰਪੋਰੇਸ਼ਨ ਵਿੱਚ ਡੈਪੂਟੇਸ਼ਨ ’ਤੇ ਕੰਮ ਕਰਦੇ ਸੁਪਰਡੈਂਟ ਇੰਜਨੀਅਰ ਰਾਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਮਈ 2022 ਵਿੱਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਵੱਲੋਂ ਪੰਜਾਬ ਸਿਹਤ ਕਾਰਪੋਰੇਸ਼ਨ ਵੱਲੋਂ ਕਰਾਏ ਜਾਂਦੇ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਲਈ ਇਕ ਫ਼ੀਸਦ ਕਮਿਸ਼ਨ ਮੰਗਣ ਸਬੰਧੀ ਸ਼ਿਕਾਇਤ ਕੀਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਤਤਕਾਲੀ ਸਿਹਤ ਮੰਤਰੀ ਸਿੰਗਲਾ ਤੇ ਉਨ੍ਹਾਂ ਦੇ ਓਐੱਸਡੀ ਪ੍ਰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਅਦਾਲਤ ਵਿੱਚ ਪੇਸ਼ ਕੀਤੀ ਤਾਜ਼ਾ ਕਲੋਜ਼ਰ ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ, ਕਿ ਸ਼ਿਕਾਇਤਕਰਤਾ ਰਾਜਿੰਦਰ ਸਿੰਘ ਵੱਲੋਂ ਵੀ ਤਤਕਾਲੀ ਮੰਤਰੀ ਸਿੰਗਲਾ ਖ਼ਿਲਾਫ਼ ਕਲੋਜ਼ਰ ਰਿਪੋਰਟ ਪੇਸ਼ ਕਰਨ ਲਈ ਕੋਈ ਇਤਰਾਜ਼ ਨਾ ਹੋਣ ਦੀ ਸਹਿਮਤੀ ਦਿੱਤੀ ਗਈ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਸੀ ਕਿ ਵਿਜੈ ਸਿੰਗਲਾ ਦੀ ਆਵਾਜ਼ ਦੇ ਨਮੂਨੇ, ਆਡੀਓ ਵਿਚਲੀ ਆਵਾਜ਼ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਹੈ।