ਭਾਰਤੀ ਕਪਾਹ ਨਿਗਮ ਨੇ ਖਰੀਦ ਸ਼ੁਰੂ ਕੀਤੀ
ਮਾਨਸਾ ’ਚ 85 ਕੁਇੰਟਲ ਨਰਮੇ ਨੂੰ 7860 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ
ਜੋਗਿੰਦਰ ਸਿੰਘ ਮਾਨ
ਮਾਲਵਾ ਪੱਟੀ ਵਿੱਚ ਪਹਿਲੀ ਵਾਰ ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਨੇ ਮਾਨਸਾ ਤੋਂ ਅੱਜ ਨਰਮੇ ਦੀ ਖਰੀਦ ਆਰੰਭ ਕਰ ਦਿੱਤੀ ਗਈ ਹੈ। ਲੰਬੇ ਸਮੇਂ ਤੋਂ ਕਿਸਾਨ ਇਹ ਖਰੀਦ ਸ਼ੁਰੂ ਨਾ ਹੋਣ ਲਈ ਕੇਂਦਰ ਸਰਕਾਰ ਨੂੰ ਕੋਸਦੇ ਆ ਰਹੇ ਸਨ। ਪਿਛਲੇ ਲਗਾਤਾਰ ਦੋ ਸਾਲ ਕਪਾਹ ਨਿਗਮ ਨੇ ਮਾਲਵਾ ਖੇਤਰ ਦੇ ਕਿਸੇ ਜ਼ਿਲ੍ਹੇ ਵਿਚੋਂ ਚਿੱਟੇ ਸੋਨੇ ਨੂੰ ਖਰੀਦਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਸੀ। ਅੱਜ ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿੱਚ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਦੀ ਅਗਵਾਈ ਹੇਠ ਨਰਮੇ ਨੂੰ ਨਿਗਮ ਵੱਲੋਂ ਖਰੀਦਿਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਵੀ ਮੌਜੂਦ ਸਨ।
ਨਰਮੇ ਦੀ ਸਰਕਾਰੀ ਖਰੀਦ ਆਰੰਭ ਹੋਣ ਸਬੰਧੀ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰੰਘ ਸਿੱਧੂ ਨੇ ਦੱਸਿਆ ਕਿ ਤੇਜ ਕੌਰ ਪਤਨੀ ਬਾਵਾ ਸਿੰਘ ਪਿੰਡ ਰਾਏਪੁਰ, ਲਛਮਣ ਸਿੰਘ ਪੁੱਤਰ ਬੰਤਾ ਸਿੰਘ ਪਿੰਡ ਰਾਏਪੁਰ, ਕੁਲਦੀਪ ਸਿੰਘ ਪੁੱਤਰ ਬਾਵਾ ਸਿੰਘ ਪਿੰਡ ਰਾਏਪੁਰ ਦੇ 85 ਕੁਇੰਟਲ ਨਰਮੇ ਦੀ ਸਰਕਾਰੀ ਖਰੀਦ ਭਾਰਤੀ ਕਪਾਹ ਨਿਗਮ (ਸੀ ਸੀ ਆਈ) ਵੱਲੋਂ 7860 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਗਿਆ।
ਇਸ ਤੋਂ ਪਹਿਲਾਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਖਰੀਦ ਆੜ੍ਹਤੀਆਂ ਵੱਲੋਂ ਸਰਕਾਰੀ ਭਾਅ 7860 ਰੁਪਏ ਤੋਂ ਘੱਟ ਖਰੀਦਿਆ ਜਾ ਰਿਹਾ ਸੀ। ਉਂਝ ਨਰਮੇ ਦਾ ਪੂਰਾ ਭਾਅ ਨਾ ਮਿਲਣ ਕਾਰਨ ਅਤੇ ਚਿੱਟੀ ਮੱਖੀ, ਗੁਲਾਬੀ ਸੁੰਡੀ ਤੋਂ ਝੰਬੇ ਕਿਸਾਨਾਂ ਦਾ ਇਸ ਖੇਤਰ ਵਿੱਚ ਚਿੱਟੇ ਸੋਨੇ ਤੋਂ ਮੋਹ ਭੰਗ ਹੋ ਗਿਆ ਸੀ।
ਨਰਮੇ ਦੀ ਖਰੀਦ ਮੌਕੇ ਮਾਰਕੀਟ ਕਮੇਟੀ ਦੇ ਲੇਖਾਕਾਰ ਮਨਿੰਦਰ ਸਿੰਘ, ਅਮਨਦੀਪ ਬਾਂਸਲ, ਮੰਡੀ ਸੁਪਰਵਾਈਜ਼ਰ ਗੁਰਦੀਪ ਸਿੰਘ ਸਮੇਤ ਸੀਸੀਆਈ ਦੇ ਸੀਨੀਅਰ ਕਮਰਸ਼ੀਅਲ ਅਧਿਕਾਰੀ ਸਚਿਨ ਕੁਮਾਰ ਵਰਮਾ ਵੀ ਮੌਜੂਦ ਸਨ।
ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਨਰਮੇ ਦੀ ਸਰਕਾਰੀ ਖਰੀਦ ਸਬੰਧੀ ਕਿਸਾਨਾਂ ਨੇ ਸੀਸੀਆਈ ਵੱਲੋਂ ਬਣਾਈ ਗਈ ’ਕਿਸਾਨ’ ਐਪ ਉਪਰ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਸਰਕਾਰੀ ਭਾਅ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਖਰੀਦ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਮਾਨਸਾ ਜਾਂ ਸੀਸੀਆਈ ਦੇ ਅਧਿਕਾਰੀਆਂ ਮੰਡੀ ਵਿੱਚ ਸੰਪਰਕ ਕਾਇਮ ਕਰ ਸਕਦੇ ਹਨ।
ਇਸੇ ਦੌਰਾਨ ਸੀਸੀਆਈ ਦੇ ਅਧਿਕਾਰੀ ਸਚਿਨ ਕੁਮਾਰ ਵਰਮਾ ਨੇ ਦੱਸਿਆ ਕਿ ਭਾਰਤੀ ਕਪਾਹ ਨਿਗਮ ਵੱਲੋਂ ਮਾਨਸਾ ਸਮੇਤ ਗਿੱਦੜਬਾਹਾ ਦੀ ਅਨਾਜ ਮੰਡੀ ਵਿੱਚ ਬਕਾਇਦਾ ਰੂਪ ਵਿੱਚ ਨਰਮੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਹੋਰ ਜ਼ਿਲ੍ਹਿਆਂ ਦੀਆਂ ਮੰਡੀਆਂ ’ਚ ਖਰੀਦ ਸ਼ੁਰੂ ਕਰਨ ਦੀ ਸੰਭਾਵਨਾ ਹੈ।

