ਨਕਲ ਮਾਮਲਾ: ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ
ਪੀ.ਜੀ.ਆਈ. ਐੱਮ.ਡੀ. ਐੱਮ.ਐੱਸ. ਦਾਖ਼ਲਾ ਪ੍ਰੀਖਿਆ ਵਿੱਚ ਕਰੀਬ 13 ਵਰ੍ਹੇ ਪਹਿਲਾਂ ਹੋਈ ਨਕਲ ਮਾਮਲੇ ਵਿੱਚ ਸੀ.ਬੀ.ਆਈ. ਦੀ ਅਦਾਲਤ ਵੱਲੋਂ ਮੁਲਜ਼ਮ ਹਰੀਪ੍ਰਿਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਅਦਾਲਤ ਵਿੱਚ ਦਾਇਰ ਜ਼ਮਾਨਤ ਦੀ ਅਰਜ਼ੀ ਵਿੱਚ ਹਰੀਪ੍ਰਿਆ ਦੇ ਵਕੀਲ ਨੇ ਕਿਹਾ...
ਪੀ.ਜੀ.ਆਈ. ਐੱਮ.ਡੀ. ਐੱਮ.ਐੱਸ. ਦਾਖ਼ਲਾ ਪ੍ਰੀਖਿਆ ਵਿੱਚ ਕਰੀਬ 13 ਵਰ੍ਹੇ ਪਹਿਲਾਂ ਹੋਈ ਨਕਲ ਮਾਮਲੇ ਵਿੱਚ ਸੀ.ਬੀ.ਆਈ. ਦੀ ਅਦਾਲਤ ਵੱਲੋਂ ਮੁਲਜ਼ਮ ਹਰੀਪ੍ਰਿਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਅਦਾਲਤ ਵਿੱਚ ਦਾਇਰ ਜ਼ਮਾਨਤ ਦੀ ਅਰਜ਼ੀ ਵਿੱਚ ਹਰੀਪ੍ਰਿਆ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਸੰਮਨਾਂ ਤੋਂ ਅਣਜਾਣ ਸੀ। ਉਸ ਦਾ ਚਾਰ ਸਾਲ ਦਾ ਪੁੱਤਰ ਹੈ, ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਦੂਜੇ ਪਾਸੇ, ਜਾਂਚ ਏਜੰਸੀ ਸੀ.ਬੀ.ਆਈ. ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਹਰੀਪ੍ਰਿਆ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਮੁੜ ਤੋਂ ਫ਼ਰਾਰ ਹੋ ਜਾਵੇਗੀ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਵੇਗੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਕਿਹਾ ਕਿ ਜ਼ਮਾਨਤ ਦੇਣ ਨਾਲ ਸਮਾਜ ਨੂੰ ਇੱਕ ਗ਼ਲਤ ਸੰਦੇਸ਼ ਜਾਵੇਗਾ। ਵੇਰਵਿਆਂ ਅਨੁਸਾਰ ਵਰ੍ਹਾ 2012 ਵਿੱਚ ਪੀ.ਜੀ.ਆਈ. ਵਿੱਚ ਐੱਮ.ਡੀ. ਐੱਮ.ਐੱਸ. ਕੋਰਸਾਂ ਲਈ ਦਾਖ਼ਲਾ ਪ੍ਰੀਖਿਆ ਕਰਵਾਈ ਗਈ ਸੀ। ਚੰਡੀਗੜ੍ਹ ਵਿੱਚ ਕਰਵਾਈ ਇਸ ਪ੍ਰੀਖਿਆ ਦੌਰਾਨ ਕਈ ਵਿਦਿਆਰਥੀ ਤੋਂ ਮੋਬਾਈਲ ਫੋਨ ਤੇ ਹੋਰ ਇਲੈਕਟ੍ਰਾਨਿਕ ਯੰਤਰ ਫੜੇ ਗਏ ਸਨ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਸੀ.ਬੀ.ਆਈ. ਦੀ ਟੀਮ ਨੇ ਪ੍ਰੀਖਿਆ ਕੇਂਦਰ ’ਤੇ ਛਾਪਾ ਮਾਰਿਆ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀ ਨੇ ਅਦਾਲਤ ਵਿੱਚ 32 ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਹਰੀਪ੍ਰਿਆ ਵਿਰੁੱਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ। ਲੰਬੇ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਾ ਹੋਣ ਕਰ ਕੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ। ਪਿਛਲੇ ਮਹੀਨੇ ਚੰਡੀਗੜ੍ਹ ਸੀ.ਬੀ.ਆਈ. ਨੇ ਉਸ ਨੂੰ ਆਂਧਰਾ ਪ੍ਰਦੇਸ਼ ਦੇ ਕਡਾਪਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਸੀ।