ਮਹਾਨ ਕੋਸ਼ ਦੀਆਂ ਕਾਪੀਆਂ ਗੋਇੰਦਵਾਲ ਸਾਹਿਬ ਭੇਜੀਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਵਿਸ਼ੇਸ਼ ਵਫ਼ਦ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਪੁੱਜਿਆ। ਉਸ ਨੇ ਮਹਾਨ ਕੋਸ਼ ਦੇ ਮਾਮਲੇ ’ਚ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸ੍ਰੀ ਗੜ੍ਹੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਨੂੰ ਆਪਣੇ ਲੋਗੋ ’ਤੇ ਛਾਪਣ ਲਈ ਪ੍ਰਾਜੈਕਟ ਚੱਲ ਰਿਹਾ ਸੀ। ਇਸ ਦੌਰਾਨ ਕਥਿਤ ਤਰੁੱਟੀਆਂ ਮਗਰੋਂ ’ਵਰਸਿਟੀ ਵੱਲੋਂ ਕਮੇਟੀ ਕਾਇਮ ਕੀਤੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਇਸ ਮਹਾਨ ਕੋਸ਼ ਨੂੰ ਨਸ਼ਟ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ’ਵਰਸਿਟੀ ਦੇ ਕੈਂਪਸ ਵਿੱਚ ਹੀ ਵੱਡਾ ਟੋਆ ਪੁੱਟ ਕੇ ਉਸ ’ਚ ਪਾਣੀ ਛੱਡ ਕੇ ਮਹਾਨ ਕੋਸ਼ ਦੀਆਂ ਹਜ਼ਾਰਾਂ ਕਾਪੀਆਂ ਸੁੱਟ ਦਿੱਤੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਹੁੰਚੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਪਸ਼ਚਾਤਾਪ ਦੀ ਅਰਦਾਸ ਕੀਤੀ। ਇਸ ਉਪਰੰਤ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਸਸਕਾਰ ਲਈ ਗੋਇੰਦਵਾਲ ਸਾਹਿਬ ਲਿਜਾਇਆ ਗਿਆ। ਸ੍ਰੀ ਗੜ੍ਹੀ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਗ੍ਰੰਥ, ਪੋਥੀ ਜਾਂ ਸ੍ਰੋਤ ਪੁਸਤਕਾਂ ਨੂੰ ਇੱਕ ਵਿਧੀ-ਵਿਧਾਨ ਨਾਲ ਨਸ਼ਟ ਕੀਤਾ ਜਾਂਦਾ ਹੈ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਸਿੱਖੀ ਅੰਦਰ ਇਹ ਵਿਧਾਨ ਹੈ ਕਿ ਇਤਿਹਾਸਕ ਗ੍ਰੰਥਾਂ, ਪੋਥੀਆਂ ਅਤੇ ਪੁਸਤਕਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਿਜਾਇਆ ਜਾਂਦਾ ਹੈ ਜਿੱਥੇ ਪਾਵਨ ਮਰਯਾਦਾ ਅਨੁਸਾਰ ਸਸਕਾਰ ਹੁੰਦਾ ਹੈ।