DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਗੋਬਿੰਦ ਕੌਰ ਨੂੰ ਪ੍ਰਧਾਨ ਬਣਾਉਣ ਮਗਰੋਂ ਅਕਾਲੀ ਦਲ ’ਚ ਵਿਵਾਦ

ਇਸਤਰੀ ਵਿੰਗ ਦੀਆਂ ਟਕਸਾਲੀ ਆਗੂਆਂ ਨੇ ਨਿਯੁਕਤੀ ’ਤੇ ਪ੍ਰਗਟਾਇਆ ਇਤਰਾਜ਼
  • fb
  • twitter
  • whatsapp
  • whatsapp
Advertisement

ਦਵਿੰਦਰ ਪਾਲ

ਚੰਡੀਗੜ੍ਹ, 17 ਜੁਲਾਈ

Advertisement

ਸ਼੍ਰੋਮਣੀ ਆਕਾਲੀ ਦਲ ਦੇ ਇਸਤਰੀ ਵਿੰਗ ਦੀਆਂ ਟਕਸਾਲੀ ਆਗੂਆਂ ਤੇ ਵਰਕਰਾਂ ਵੱਲੋਂ ਨਵੀਂ ਪ੍ਰਧਾਨ ਹਰਗੋਬਿੰਦ ਕੌਰ ਦੀ ਨਿਯੁਕਤੀ ’ਤੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਾਰਟੀ ਦੀ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਟਕਸਾਲੀ ਬੀਬੀਆਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਦੀ ਸਥਾਪਨਾ ਉਨ੍ਹਾਂ ਪੁਰਖਿਆਂ ਨੇ ਤਿੱਖੇ ਸੰਘਰਸ਼ ਤੇ ਸ਼ਹਾਦਤਾਂ ਦੇ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਪਾਰਟੀ ਦੇ ਇਤਿਹਾਸ, ਨੀਤੀਆਂ ਤੇ ਵਿਚਾਰਧਾਰਾ ਦਾ ਪਤਾ ਹੋਣਾ ਜ਼ਰੂਰੀ ਹੈ। ਉਨ੍ਹਾਂ ਤਰਕ ਦਿੱਤਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਨਾ ਬਣਦਾ ਹੈ, ਪਰ ਉਹ ਮੌਜੂਦਾ ਆਗੂਆਂ ਦੀ ਕਤਾਰ ਵਿੱਚ ਪਿੱਛੇ ਲੱਗਣ ਤੇ ਆਪਣੀ ਯੋਗਤਾ ਸਾਬਤ ਕਰਕੇ ਅੱਗੇ ਆਉਣ, ਜਦਕਿ ਪਾਰਟੀ ਪ੍ਰਧਾਨ ਨੇ ਇਸ ਤੋਂ ਉਲਟ ਫ਼ੈਸਲਾ ਲੈ ਕੇ ਟਕਸਾਲੀ ਬੀਬੀਆਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਬੀਬੀ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਸ ਦਾ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਦੂਰ-ਨੇੜੇ ਦਾ ਵੀ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਨੇ ਅਜਿਹੀਆਂ ਗਲਤੀਆਂ ਕੀਤੀਆਂ ਸਨ, ਜਿਨ੍ਹਾਂ ਨਾਲ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਲੋਂ ਸਮੂਹਿਕ ਅਸਤੀਫ਼ਾ

ਮੁਹਾਲੀ (ਪੱਤਰ ਪ੍ਰੇਰਕ): ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਦੀ ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਬੀਬੀ ਹਰਜਿੰਦਰ ਕੌਰ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਲਗਾਉਣ ਦੇ ਫੈਸਲੇ ਖਿਲਾਫ ਅਕਾਲੀ ਦਲ ਦੀਆਂ ਬੀਬੀਆਂ ਨੇ ਬਗਾਵਤ ਕਰ ਦਿੱਤੀ ਹੈ। ਅੱਜ ਮੁਹਾਲੀ ਵਿੱਚ ਮੀਟਿੰਗ ਤੋਂ ਬਾਅਦ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਮੀਤ ਪ੍ਰਧਾਨ ਹਰਪ੍ਰੀਤ ਕੌਰ ਬਰਨਾਲਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮੁਹਾਲੀ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਸਾਬਕਾ ਇਸਤਰੀ ਅਕਾਲੀ ਦਲ ਲੁਧਿਆਣਾ ਸੁਰਿੰਦਰ ਕੌਰ ਦਿਆਲ ਸਮੇਤ 25 ਤੋਂ ਵੱਧ ਮਹਿਲਾ ਆਗੂਆਂ ਨੇ ਇਸਤਰੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਮੂਹਿਕ ਤੌਰ ’ਤੇ ਅਸਤੀਫਾ ਦੇ ਦਿੱਤਾ ਹੈ।

ਹਾਲੇ ਪਾਰਟੀ ਨੂੰ ਕੋਈ ਚਿੱਠੀ ਨਹੀਂ ਮਿਲੀ: ਚੀਮਾ

ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਹਿਲਾ ਆਗੂਆਂ ਵੱਲੋਂ ਲਿਖੀ ਕੋਈ ਚਿੱਠੀ ਹਾਲ ਦੀ ਘੜੀ ਪਾਰਟੀ ਨੂੰ ਨਹੀਂ ਮਿਲੀ ਹੈ। ਚਿੱਠੀ ਮਿਲਣ ਮਗਰੋਂ ਮਾਮਲੇ ਨੂੰ ਜਮਹੂਰੀ ਢੰਗ ਨਾਲ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਜੇਕਰ ਕਿਸੇ ਬੀਬੀ ਨੂੰ ਇਤਰਾਜ਼ ਹੋਇਆ ਤਾਂ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਿਆ ਜਾਵੇਗਾ।

Advertisement
×