ਵਾਹੀਯੋਗ ਜ਼ਮੀਨਾਂ ਐਕੁਆਇਰ ਕਰਕੇ ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ਼: ਵੜਿੰਗ
ਜਗਜੀਤ ਸਿੰਘ
ਹੁਸ਼ਿਆਰਪੁਰ/ਮੁਕੇਰੀਆਂ, 29 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ‘ਸੰਵਿਧਾਨ ਬਚਾਓ ਰੈਲੀ’ ਤਹਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕਰਕੇ ਸੂਬੇ ਦੀ ਆਰਥਿਕਤਾ ਨੂੰ ਢਾਹ ਲਗਾਉਣਾ ਚਾਹੁੰਦੀਆਂ ਹਨ, ਕਿਉਂਕਿ ਪੰਜਾਬ ਦੇ ਕਿਸਾਨ, ਭਾਜਪਾ ਦੀ ਈਨ ਨਹੀਂ ਮੰਨ ਰਹੇ। ਭਾਜਪਾ ਨੇ ਪਹਿਲਾਂ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਵਾਹੀਯੋਗ ਜ਼ਮੀਨਾਂ ਐਕੁਆਇਰ ਕਰਕੇ ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।’
ਹੁਸ਼ਿਆਰਪੁਰ ਵਿੱਚ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਅਤੇ ਮੁਕੇਰੀਆਂ ’ਚ ਸਾਬਕਾ ਵਿਧਾਇਕਾ ਇੰਦੂ ਬਾਲਾ ਦੀ ਅਗਵਾਈ ਹੇਠ ਰੈਲੀਆਂ ਕੀਤੀਆਂ ਗਈਆਂ।
ਦੱਸਣਯੋਗ ਹੈ ਕਿ ਰਾਜਾ ਵੜਿੰਗ ਇਨ੍ਹਾਂ ਰੈਲੀਆਂ ਦੌਰਾਨ ਪਾਰਟੀ ਵਰਕਰਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੇ ਵੀ ਨਜ਼ਰ ਆਏ। ਉਹ ਸਟੇਜ ’ਤੇ ਆਪ ਮੁਹਾਰੇ ਆ ਰਹੇ ਪਾਰਟੀ ਆਗੂਆਂ ਤੇ ਕਾਰਕੁਨਾਂ ਨੂੰ ਤੈਅ ਜਗ੍ਹਾ ’ਤੇ ਬਿਠਾਉਣ ਦੀ ਸਲਾਹ ਦਿੰਦੇ ਰਹੇ। ਸ੍ਰੀ ਵੜਿੰਗ ਨੇ ਕਿਹਾ, ‘ਪੰਜਾਬੀਆਂ ਨੂੰ ਆਪਣੇ ਬੱਚਿਆਂ ਵਾਸਤੇ ਭਵਿੱਖ ਦੀ ਰਾਜਨੀਤੀ ਤੈਅ ਕਰਨੀ ਪਵੇਗੀ ਕਿਉਂਕਿ ਮਾੜਾ ਮੁੱਖ ਮੰਤਰੀ ਸੂਬੇ ਨੂੰ ਤਬਾਹ ਕਰ ਦਿੰਦਾ ਹੈ।’ ਉਨ੍ਹਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਸੰਵਿਧਾਨ ਬਚਾਉਣ ਵਿੱਚ ਅਸਫ਼ਲ ਰਹੀਆਂ ਹਨ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਉਨ੍ਹਾਂ ਦੇ ਬੁੱਤਾਂ ’ਤੇ ਹਮਲੇ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਆਰਐੱਸਐੱਸ ਦੀ ਵਿਚਾਰਧਾਰਾ ’ਤੇ ਚੱਲ ਰਹੀ ਹੈ ਅਤੇ ਆਰਐੱਸਐੱਸ ਸੰਵਿਧਾਨ ਨੂੰ ਮੰਨਣ ਦੀ ਥਾਂ ਇਸ ਨੂੰ ਇੱਕ ਕਿਤਾਬ ਮੰਨਦੀ ਹੈ। ਉਨ੍ਹਾਂ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਸੂਬੇ ਦੀ ਚੁਟਕਲਿਆਂ ਤੇ ਮਸ਼ਹੂਰੀਆਂ ਵਾਲੀ ਸਰਕਾਰ ਨੂੰ ਚੱਲਦਾ ਕਰਨ ਦਾ ਸੱਦਾ ਦਿੱਤਾ।
ਪਾਰਟੀ ਵਿਚਲੀ ਧੜੇਬੰਦੀ ’ਤੇ ਚਿੰਤਾ ਪ੍ਰਗਟਾਈ
ਕਾਂਗਰਸ ਵਿੱਚ ਧੜੇਬੰਦੀ ਨੂੰ ਹੱਲਾਸ਼ੇਰੀ ਦੇਣ ਬਾਰੇ ਮੀਡੀਆ ’ਚ ਆਈ ਖਬਰ ਦੇ ਸੰਦਰਭ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਨੂੰ ਹਦਾਇਤ ਕੀਤੀ,‘ਹਲਕੇ ਅੰਦਰ ਨਾਰਾਜ਼ਗੀਆਂ ਵੀ ਹੁੰਦੀਆਂ ਹਨ ਅਤੇ ਆਗੂਆਂ ਵਿੱਚ ਆਪਸੀ ਮੱਤਭੇਦ ਵੀ ਹੁੰਦੇ ਹਨ ਪਰ ਇਨ੍ਹਾਂ ਨੂੰ ਦੂਰ ਕਰਨਾ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਸੂਬਾ ਪ੍ਰਧਾਨ ਦੀ। ਸਾਰਿਆਂ ਨੂੰ ਇੱਕ ਮੰਚ ’ਤੇ ਬਿਠਾ ਕੇ ਗੁੱਸੇ ਗਿਲੇ ਦੂਰ ਕੀਤੇ ਜਾਣ।’ ਬੀਬੀ ਇੰਦੂ ਬਾਲਾ ਦੀ ਅਗਵਾਈ ਵਾਲੀ ਮੁਕੇਰੀਆਂ ਦੀ ‘ਸੰਵਿਧਾਨ ਬਚਾਓ ਰੈਲੀ’ ਉਨ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਹੋ ਨਿੱਬੜੀ। ਸਟੇਜ ਤੋਂ ਪਿੰਡ ਪੱਧਰੀ ਆਗੂਆਂ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਪਰ ਸ੍ਰੀ ਬਾਜਵਾ ਤੇ ਰਾਜਾ ਵੜਿੰਗ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤੇ ਗਏ ਸਰਬਜੋਤ ਸਿੰਘ ਸਾਬੀ ਅਤੇ ਕਾਂਗਰਸ ਕਿਸਾਨ ਸੈੱਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਢਾਡੇ ਕਟਵਾਲ ਨੂੰ ਬੋਲਣ ਦਾ ਸਮਾਂ ਨਾ ਦਿੱਤਾ ਗਿਆ। ਇਸ ਰੈਲੀ ਵਿੱਚ ਕਾਂਗਰਸ ਦੇ ਕਰੀਬ 10 ਕੌਂਸਲਰਾਂ ਵਿੱਚੋਂ ਕੇਵਲ 3 ਕੌਂਸਲਰ ਹੀ ਸ਼ਾਮਲ ਹੋਏ ਅਤੇ ਬਾਗੀ ਧੜੇ ਨੇ ਭੋਡੇ ਦਾ ਖੂਹ ਦੇ ਮਹਾਂਦੇਵੀ ਪੈਲੇਸ ਵਿੱਚ ਵੱਖਰੀ ਰੈਲੀ ਕੀਤੀ।