ਲੈਂਡ ਪੂਲਿੰਗ ਨੀਤੀ ਪਿੱਛੇ ਲੈਂਡ ਬੈਂਕ ਬਣਾਉਣ ਦੀ ਸਾਜ਼ਿਸ਼: ਧਨੇਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਜੁਲਾਈ
ਇੱਥੋਂ ਨੇੜਲੇ ਪਿੰਡ ਅਖਾੜਾ ਵਿੱਚ ਅੱਜ ਬੀਕੇਯੂ ਏਕਤਾ (ਡਕੌਂਦਾ) ਦੇ ਬਾਨੀ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 15ਵੀਂ ਬਰਸੀ ਮਨਾਈ ਗਈ। ਸਮਾਗਮ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕੀਤੀ। ਸਮਾਗਮ ਵਿੱਚ ਸਾਰੀ ਸੂਬਾ ਕਮੇਟੀ ਅਤੇ 14 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ।
ਸੂਬਾ ਪ੍ਰਧਾਨ ਧਨੇਰ ਨੇ ਮੌਜੂਦਾ ਹਾਲਾਤ ’ਤੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਏਕਤਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਬਹੁ-ਕੌਮੀ ਕੰਪਨੀਆਂ ਦੇ ਏਜੰਡੇ ਅਨੁਸਾਰ ਚੱਲ ਰਹੀ ਹੈ ਅਤੇ ਜ਼ਮੀਨਾਂ ਖੋਹ ਕੇ ਲੈਂਡ ਬੈਂਕ ਬਣਾਉਣ ਉਪਰੰਤ ਕਾਰਪੋਰੇਟਾਂ ਨੂੰ ਸੌਂਪਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਲੋਕਾਂ ’ਤੇ ਜਬਰ ਦੀ ਨਿਖੇਧੀ ਕੀਤੀ। ਕੰਵਲਜੀਤ ਖੰਨਾ ਨੇ ਇਨ੍ਹਾਂ ਫੈਕਟਰੀਆਂ ਖ਼ਿਲਾਫ਼ ਘੋਲ ਤੇ ਜਥੇਬੰਦਕ ਏਕੇ ਨੂੰ ਮਜ਼ਬੂਤ ਕਰਦਿਆਂ ਅੱਗੇ ਵਧਾਉਣ ਦਾ ਅਹਿਦ ਲਿਆ। ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਮੱਖਣ ਸਿੰਘ ਭੈਣੀ ਬਾਘਾ ਨੇ ਮੰਗ ਕੀਤੀ ਕਿ ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਬਹਾਲ ਕੀਤੇ ਜਾਣ ਅਤੇ ਕਿਸਾਨਾਂ ’ਤੇ ਜਬਰ ਬੰਦ ਕੀਤਾ ਜਾਵੇ। ਅਮਨਦੀਪ ਸਿੰਘ ਲਲਤੋਂ ਅਤੇ ਹਰੀਸ਼ ਨੱਢਾ ਨੇ ਲੈਂਡ ਪੂਲਿੰਗ ਪਾਲਿਸੀ ਸਬੰਧੀ ਕਿਹਾ ਕਿ ਕਿਸਾਨਾਂ ਨੂੰ ਕੋਈ ਪੈਸਾ ਦਿੱਤੇ ਬਿਨਾਂ ਹੀ ਜ਼ਮੀਨ ਖੋਹਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਔਰਤ ਆਗੂ ਹਰਜਿੰਦਰ ਕੌਰ ਲੁਧਿਆਣਾ, ਜਗਤਾਰ ਸਿੰਘ ਦੇਹੜਕਾ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਮੁੱਖ ਮੰਤਰੀ ਦੀ ਨਿਖੇਧੀ, ਸਮਝੌਤੇ ਰੱਦ ਕਰਨ ’ਤੇ ਜ਼ੋਰ
ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸਾਨ ਵਿਰੋਧੀ ਬਿਆਨਾਂ ਦਾ ਗੰਭੀਰ ਨੋਟਿਸ ਲਿਆ। ਇਸ ਤੋਂ ਇਲਾਵਾ ਡੈਮ ਸੇਫਟੀ ਐਕਟ, ਰਾਜੀਵ ਲੌਂਗੋਵਾਲ ਸਮਝੌਤਾ, ਇੰਦਰਾ ਐਵਾਰਡ, ਜਲ ਸੋਧ ਐਕਟ, ਕੌਮੀ ਸਿੱਖਿਆ ਨੀਤੀ ਅਤੇ ਕੌਮੀ ਮੰਡੀਕਰਨ ਨੀਤੀ ਵਰਗੇ ਗੈਰ-ਅਸੂਲੀ ਅਤੇ ਗੈਰ-ਸੰਵਿਧਾਨਕ ਕਾਨੂੰਨ ਅਤੇ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ ਗਈ।
ਟਰੈਕਟਰ ਮਾਰਚ ਤੇ ਮਹਾਰੈਲੀ ਦਾ ਐਲਾਨ
ਮਨਜੀਤ ਸਿੰਘ ਧਨੇਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 30 ਜੁਲਾਈ ਨੂੰ ਲੈਂਡ ਪੂਲਿੰਗ ਵਾਲੇ ਪਿੰਡਾਂ ਵਿੱਚ ਟਰੈਕਟਰ ਮਾਰਚ ਤੇ 24 ਅਗਸਤ ਨੂੰ ਸੂਬਾ ਪੱਧਰੀ ‘ਜ਼ਮੀਨ ਬਚਾਉ, ਪਾਣੀ ਬਚਾਉ, ਕਿਸਾਨ ਬਚਾਉ ਮਹਾਰੈਲੀ’ ਵਿੱਚ ਪਹੁੰਚਣ ਦਾ ਸੱਦਾ ਦਿੱਤਾ।