DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਇੰਡੀਆ’ ’ਚ ‘ਆਪ’ ਦੀ ਸ਼ਮੂਲੀਅਤ ਤੋਂ ਪੰਜਾਬ ਦੇ ਕਾਂਗਰਸੀ ਫਿਕਰਮੰਦ

ਵੜਿੰਗ ਤੇ ਬਾਜਵਾ ਦੀ ਪ੍ਰਧਾਨਗੀ ’ਚ ਮੀਟਿੰਗ ਕਰਕੇ ਸਿਆਸੀ ਹਾਲਾਤ ’ਤੇ ਚਰਚਾ
  • fb
  • twitter
  • whatsapp
  • whatsapp
Advertisement

ਦਵਿੰਦਰ ਪਾਲ

ਚੰਡੀਗੜ੍ਹ, 19 ਜੁਲਾਈ

Advertisement

ਦਿੱਲੀ ਵਿੱਚ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਕੇਂਦਰੀ ਆਰਡੀਨੈਂਸ ਦਾ ਵਿਰੋਧ ਕੀਤੇ ਜਾਣ ਦੇ ਕਾਂਗਰਸ ਹਾਈ ਕਮਾਨ ਦੇ ਫੈਸਲੇ ’ਤੇ 26 ਵਿਰੋਧੀ ਪਾਰਟੀਆਂ ਦੀ ਸ਼ਮੂਲੀਅਤ ਵਾਲੇ ਗੱਠਜੋੜ ‘ਇੰਡੀਆ’ ਵਿੱਚ ‘ਆਪ’ ਦੀ ਹਾਜ਼ਰੀ ਨਾਲ ਪੰਜਾਬ ਕਾਂਗਰਸ ਦੇ ਆਗੂ ਸੋਚੀਂ ਪੈ ਗਏ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਅੱਜ ਮੀਟਿੰਗ ਹੋਈ, ਜਿਸ ਵਿੱਚ ਸਮੁੱਚੇ ਸਿਆਸੀ ਘਟਨਾਕ੍ਰਮ ਦੀ ਸਮੀਖਿਆ ਅਤੇ ਚਰਚਾ ਕੀਤੀ ਗਈ। ਸੀਨੀਅਰ ਪਾਰਟੀ ਆਗੂਆਂ ਨੇ ਵੜਿੰਗ ਅਤੇ ਬਾਜਵਾ ਨੂੰ ਸਲਾਹ ਦਿੱਤੀ ਕਿ ਨਵੇਂ ਗੱਠਜੋੜ ‘ਇੰਡੀਆ’ ਵਿੱਚ ਆਮ ਆਦਮੀ ਪਾਰਟੀ ਦੀ ਭਵਿਖੀ ਭੂਮਿਕਾ ਅਤੇ ਆਰਡੀਨੈਂਸ ਦੇ ਵਿਰੋਧ ਦੀ ਰਣਨੀਤੀ ਬਾਰੇ ਵਿਆਪਕ ਚਰਚਾ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੀ ਪੰਜਾਬ ਕਾਂਗਰਸ ਕੋਈ ਫੈਸਲਾ ਲਏ।

ਮੀਟਿੰਗ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਨ ਆਸ਼ੂ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਕੇ.ਪੀ. ਸਿੰਘ, ਅਰੁਣਾ ਚੌਧਰੀ ਅਤੇ ਗੁਰਕੀਰਤ ਸਿੰਘ ਕੋਟਲੀ ਸਮੇਤ ਕਈ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਸੂਤਰਾਂ ਮੁਤਾਬਕ ਪੰਜਾਬ ਦੇ ਕਾਂਗਰਸੀ ਇਸ ਗੱਲੋਂ ਹੈਰਾਨ ਹਨ ਕਿ ਪਾਰਟੀ ਹਾਈ ਕਮਾਨ ਨੇ ਕੇਂਦਰੀ ਆਰਡੀਨੈਂਸ ਦਾ ਵਿਰੋਧ ਕਰਕੇ ਅਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਇਸ ਪ੍ਰਮੁੱਖ ਏਜੰਡੇ ਦੀ ਹਮਾਇਤ ਕੀਤੀ ਹੈ ਤੇ ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਆਗੂਆਂ ਨੇ ਕਿਹਾ ਕਿ ਹਾਲ ਦੀ ਘੜੀ ਇਹੀ ਜਾਪਦਾ ਹੈ ਕਿ ਪਾਰਟੀ ਹਾਈ ਕਮਾਨ ਨੇ ਸਿਰਫ਼ ਸੰਸਦ ਵਿੱਚ ਆਰਡੀਨੈਂਸ ਦੇ ਵਿਰੋਧ ਦਾ ਫੈਸਲਾ ਕੀਤਾ ਹੈ ਤੇ ਕਾਂਗਰਸ ਦੇ ਇਸ ਫੈਸਲੇ ਤੋਂ ਖੁਸ਼ ਹੋ ਕੇ ਅਰਵਿੰਦ ਕੇਜਰੀਵਾਲ ਬੰਗਲੂਰੂ ਵਿੱਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ਵਿੱਚ ਸ਼ਮੂਲੀਅਤ ਲਈ ਮੰਨ ਗਏ। ਕਾਂਗਰਸ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਪੰਜਾਬ ਕਾਂਗਰਸ ਵੱਲੋਂ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੌਜੂਦਾ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕੇ.ਸੀ.ਵੇਣੂਗੋਪਾਲ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ‘ਆਪ’ ਦੀ ਹਮਾਇਤ ਪੰਜਾਬ ਵਿੱਚ ਪਾਰਟੀ ਨੂੰ ਭਾਰੀ ਪੈ ਸਕਦੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਦੇ ਤਿੰਨ ਮੰਤਰੀਆਂ ਸਮੇਤ ਦਰਜਨ ਦੇ ਕਰੀਬ ਆਗੂਆਂ ਨੂੰ ਭ੍ਰਿਸ਼ਟਾਚਾਰ ਅਤੇ ਹੋਰਨਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਦੋ ਦਰਜਨ ਦੇ ਕਰੀਬ ਆਗੂਆਂ ਖਿਲਾਫ਼ ਇਸ ਸਮੇਂ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ।

ਪੰਜਾਬ ਦੇ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਪ੍ਰਮੁੱਖ ਜਾਂਚ ਏਜੰਸੀ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਪਾਰਟੀ ਆਗੂਆਂ ਖਿਲਾਫ਼ ਮੁਹਿੰਮ ਜਾਰੀ ਰੱਖੀ ਗਈ ਤਾਂ ਆਉਂਦੀਆਂ ਸੰਸਦੀ ਚੋਣਾਂ ਦੌਰਾਨ ਪਾਰਟੀ ਨੂੰ ਭਾਰੀ ਸਿਆਸੀ ਨੁਕਸਾਨ ਹੋਵੇਗਾ। ਇਸੇ ਦੌਰਾਨ ਜੇਕਰ ‘ਆਪ’ ਦਾ ਕਾਂਗਰਸ ਨਾਲ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਗੱਠਜੋੜ ਹੁੰਦਾ ਵੀ ਹੈ ਤਾਂ ਵੀ ਕਾਂਗਰਸ ਨੂੰ ਸਿਆਸੀ ਤੌਰ ’ਤੇ ਨਫ਼ੇ ਦੀ ਥਾਂ ਨੁਕਸਾਨ ਹੀ ਹੋਣਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ‘ਆਪ’ ਦੇ ਸਿਆਸੀ ਉਭਾਰ ਨੇ ਕਾਂਗਰਸ ਦਾ ਨਵੀਂ ਦਿੱਲੀ, ਗੁਜਰਾਤ, ਉਤਰਾਖੰਡ ਅਤੇ ਗੋਆ ਆਦਿ ਸੂਬਿਆਂ ਵਿੱਚ ਭਾਰੀ ਨੁਕਸਾਨ ਕੀਤਾ ਹੈ ਤੇ ਇਸ ਤਰ੍ਹਾਂ ਦਾ ਨੁਕਸਾਨ ਹੋਰਨਾਂ ਸੂਬਿਆਂ ਵਿੱਚ ਵੀ ਹੋ ਸਕਦਾ ਹੈ।

ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ‘ਆਪ’ ਨਾਲ ਕੋਈ ਸਿਆਸੀ ਗਠਜੋੜ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਬਚਾਉਣ ਲਈ ਲਗਾਤਾਰ ਕੌਮੀ ਪੱਧਰ ’ਤੇ ਲੜਾਈ ਲੜ ਰਹੀ ਹੈ। ਮੀਟਿੰਗ ਵਿੱਚ ਪੰਜਾਬ ’ਚ ਆਏ ਹੜ੍ਹਾਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਕਾਂਗਰਸ ਨੇ 10,000 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਪ੍ਰਭਾਵਿਤ ਕਿਸਾਨਾਂ ਨੂੰ 60,000 ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ। ਪਾਰਟੀ ਨੇ ਘਰਾਂ ਦੇ ਨੁਕਸਾਨ ਦੀ ਪੂਰਤੀ ਲਈ ਵੀ ਢੁਕਵਾਂ ਮੁਆਵਜ਼ਾ ਮੰਗਿਆ।

Advertisement
×