ਕਾਂਗਰਸ ਨੇ ਇੰਦਰਾ ਤੇ ਮਨਮੋਹਨ ਦੇ ਅਰਜਨਟੀਨਾ ਨਾਲ ਰਿਸ਼ਤੇ ਨੂੰ ਕੀਤਾ ਯਾਦ
ਨਵੀਂ ਦਿੱਲੀ, 5 ਜੁਲਾਈ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਜਨਟੀਨਾ ਯਾਤਰਾ ਵਿਚਾਲੇ ਅੱਜ ਇਸ ਦੱਖਣੀ-ਅਮਰੀਕੀ ਮੁਲਕ ਨਾਲ ਜੁੜੇ ਕੁਝ ਵਿਸ਼ਿਆਂ ਦੇ ਸੰਦਰਭ ਵਿੱਚ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਤੇ ਮਨਮੋਹਨ ਸਿੰਘ ਨੂੰ ਯਾਦ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ’ਚ ਕਿਹਾ, ‘ਅੱਜ (ਮੋਦੀ) ਅਰਜਨਟੀਨਾ ਵਿੱਚ ਹਨ। ਤਿੰਨ ਦੇਸ਼ ਜਾ ਚੁੱਕੇ ਹਨ, ਦੋ ਦੇਸ਼ ਹੋਰ ਜਾਣੇ ਬਾਕੀ ਹਨ। ਭਾਰਤੀ ਨਾਗਰਿਕਾਂ ਲਈ ਅਰਜਨਟੀਨਾ ਦਾ ਸਿੱਧਾ ਮਤਲਬ ਡਿਏਗੋ ਅਰਮਾਂਡੋ ਮਾਰਾਡੋਨਾ ਤੇ ਲਿਓਨੇਲ ਮੈੱਸੀ ਹੈ। ਪਰ ਤਿੰਨ ਡੂੰਘੇ ਸਬੰਧ ਵੀ ਹਨ।’ ਉਨ੍ਹਾਂ ਕਿਹਾ, ‘ਰਾਬਿੰਦਰਨਾਥ ਟੈਗੋਰ ਨੇ ਨਵੰਬਰ 1924 ਵਿੱਚ ਇੱਕ ਪ੍ਰਮੁੱਖ ਸਾਹਿਤਕਾਰ ਵਿਕਟੋਰੀਆ ਓਕਾਂਪੋ ਦੇ ਸੱਦੇ ’ਤੇ ਅਰਜਨਟੀਨਾ ਦਾ ਦੌਰਾ ਕੀਤਾ ਸੀ।’ ਉਨ੍ਹਾਂ ਕਿਹਾ ਕਿ ਸਤੰਬਰ 1968 ’ਚ ਇੰਦਰਾ ਗਾਂਧੀ ਨੇ ਬਿਊਨਸ ਆਇਰਸ ’ਚ ਓਕਾਂਪੋ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਟੈਗੋਰ ਦੀ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ‘ਡਾਕਟਰ ਆਫ ਲਿਟਰੇਚਰ’ ਦੀ ਆਨਰੇਰੀ ਡਿਗਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਰਜਨਟੀਨਾ ਨੇ 1986 ’ਚ ਇੰਦਰਾ ਗਾਂਧੀ ਦੇ ਸਨਮਾਨ ’ਚ ਡਾਕ ਟਿਕਟ ਵੀ ਜਾਰੀ ਕੀਤੇ ਸਨ। ਉਨ੍ਹਾਂ ਡਾਕ ਟਿਕਟ ਦੀ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਅਰਜਨਟੀਨਾ ਦੇ ਅਰਥਸ਼ਾਸਤਰੀ ਰਾਉਲ ਪ੍ਰੀਬਿਸ਼ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਵਪਾਰ ਤੇ ਵਿਕਾਸ ਬਾਰੇ ਸੰਯੁਕਤ ਰਾਸ਼ਟਰ ਕਾਨਫਰੰਸ (ਯੂਐੱਨਸੀਟੀਏਡੀ) ਦੀ ਸਥਾਪਨਾ ਕੀਤੀ ਸੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜਨਵਰੀ 1966 ਤੋਂ ਮਈ 1969 ਤੱਕ ਯੂਐੱਨਸੀਟੀਏਡੀ ’ਚ ਕੰਮ ਕੀਤਾ ਸੀ। -ਪੀਟੀਆਈ