DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸੀ ਆਗੂ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਦੁਖੀ ਹੋ ਕੇ ਪਾਰਟੀ ਛੱਡੀ: ਸੇਖੜੀ
  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਸ਼ਵਨੀ ਸੇਖੜੀ ਤੇ ੳੁਨ੍ਹਾਂ ਦਾ ਪਰਿਵਾਰ।
Advertisement

ਦਲਬੀਰ ਸੱਖੋਵਾਲੀਆ

ਬਟਾਲਾ, 16 ਜੁਲਾਈ

Advertisement

ਸੱਤ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਸੇਖੜੀ ਪਰਿਵਾਰ ਅੱਜ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸ਼ਵਨੀ ਸੇਖੜੀ, ਉਨ੍ਹਾਂ ਦੀ ਪਤਨੀ ਤੇ ਪੁੱਤਰਾਂ ਨੂੰ ਅੱਜ ਪਾਰਟੀ ਵਿੱਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਅਸ਼ਵਨੀ ਸੇਖੜੀ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ, ਜਦਕਿ ਉਨ੍ਹਾਂ ਦੇ ਪਿਤਾ ਮਰਹੂਮ ਵਿਸ਼ਵਾਮਿੱਤਰ ਸੇਖੜੀ ਦੋ ਵਾਰ ਵਿਧਾਇਕ ਬਣੇ ਸਨ।

‘ਪੰਜਾਬੀ ਟ੍ਰਬਿਿਊਨ’ ਨਾਲ ਗੱਲਬਾਤ ਕਰਦਿਆਂ ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਦੁਖੀ ਹੋ ਕੇ ਉਸ ਪਾਰਟੀ ਨੂੰ ਛੱਡਿਆ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਸੱਤ ਦਹਾਕਿਆਂ ਦਾ ਰਿਸ਼ਤਾ ਹੈ। ਸੇਖੜੀ ਨੇ ਦੋਸ਼ ਲਾਇਆ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਕੰਮ ਨਹੀਂ ਕਰਨ ਦਿੰਦੇ ਤੇ ਹਰ ਕੰਮ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ’ਤੇ ਹਲਕਾ ਵਾਸੀਆਂ ਨਾਲ ਸੰਪਰਕ ਤੋੜਨ ਦੇ ਦੋਸ਼ ਲੱਗ ਰਹੇ ਹਨ, ਜਦਕਿ ਉਕਤ ਪਾਰਟੀ ਆਗੂ ਨੇ ਉਨ੍ਹਾਂ ਨੂੰ ਕਦੇ ਆਪਣਾ ਕੰਮ ਨਹੀਂ ਕਰਨ ਦਿੱਤਾ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਨਾਲ ਉਨ੍ਹਾਂ ਦਾ ਸੰਪਰਕ ਦਿਨੋ-ਦਿਨ ਘਟਾਇਆ ਗਿਆ ਹੈ। ਸੇਖੜੀ ਨੇ ਕਿਹਾ ਕਿ ਉਹ ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾ ਦੀ ਸੀਟ ਲਈ ਨਹੀਂ ਸਗੋਂ ਲੋਕ ਸੇਵਾ ਲਈ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਸੇਖੜੀ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ: ਬਾਜਵਾ

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ‘ਪੰਜਾਬੀ ਟ੍ਰਬਿਿਊਨ’ ਨਾਲ ਗੱਲ ਕਰਦਿਆਂ ਕਿਹਾ ਬਟਾਲਾ ਤੋਂ ਅਸ਼ਵਨੀ ਸੇਖੜੀ ਦੇ ਭਾਜਪਾ ਵਿੱਚ ਚਲੇ ਜਾਣ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਉਸ ਦੇ ਪੱਲੇ ਕੁਝ ਵੀ ਨਹੀਂ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਜਿਸ ਵਿਅਕਤੀ ਨੂੰ ਟਿਕਟ ਦਿਵਾਉਣ ਲਈ ਜ਼ੋਰ ਲਾਇਆ, ਉਹ ਅੱਜ ਪਾਰਟੀ ਨੂੰ ਦਗ਼ਾ ਦੇ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਜਵਾ ਨੇ ਕਿਹਾ ਕਿ ਜੇਕਰ ਅਸ਼ਵਨੀ ਸੇਖੜੀ ਬਟਾਲਾ ਦੇ ਲੋਕਾਂ ਵਿੱਚ ਵਿਚਰਦੇ ਤੇ ਉਨ੍ਹਾਂ ਦੀ ਸੇਵਾ ਕਰਦੇ ਤਾਂ ਉਨ੍ਹਾਂ ਦੀ ਜਿੱਤ ਜ਼ਰੂਰ ਹੋਣੀ ਸੀ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਨੂੰ ਛੱਡ ਕੇ ਭਾਜਪਾ ਪ੍ਰਧਾਨ ਬਣੇ ਸੁਨੀਲ ਜਾਖੜ ਕਾਂਗਰਸ ਵਿਚਲੀ ਗੰਦਗੀ ਨੂੰ ਸਾਫ਼ ਕਰਨ ’ਤੇ ਲੱਗੇ ਹੋਏ ਹਨ। ਸ੍ਰੀ ਬਾਜਵਾ ਨੇ ਸੂਬੇ ਨੂੰ ਪਈ ਹੜ੍ਹਾਂ ਦੀ ਮਾਰ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ‘ਆਪ’ ’ਤੇ ਲਾਹਪ੍ਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਅਗੇਤੇ ਪ੍ਰਬੰਧ ਕਰਨ ਸਬੰਧੀ ਜੋ ਮੀਟਿੰਗ ਜਨਵਰੀ ਮਹੀਨੇ ਵਿੱਚ ਹੋਣੀ ਚਾਹੀਦੀ ਸੀ, ਉਹ ਸਰਕਾਰ ਨੇ ਮਈ ਮਹੀਨੇ ਦੇ ਅਖੀਰ ਵਿੱਚ ਕੀਤੀ, ਪਰ ਉਦੋਂ ਤੱਕ ਕੋਈ ਵੀ ਪ੍ਰਬੰਧ ਕਰਨ ਦਾ ਸਮਾਂ ਲੰਘ ਚੁੱਕਿਆ ਸੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਜਿਨ੍ਹਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਨੂੰ 5 ਲੱਖ ਰੁਪਏ ਅਤੇ ਮਰਨ ਵਾਲਿਆਂ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ।

ਪਾਰਟੀ ਵਰਕਰਾਂ ਤੋਂ ਟੁੱਟ ਚੁੱਕੇ ਸੇਖੜੀ ਦਾ ਕੋਈ ਵਜੂਦ ਨਹੀਂ: ਰੰਧਾਵਾ

ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਬਟਾਲਾ ਤੋਂ ਸਾਬਕਾ ਵਿਧਾਇਕ ਤੇ ਟਕਸਾਲੀ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਵਰਕਰਾਂ ਤੋਂ ਟੁੱਟ ਚੁੱਕੇ ਸੇਖੜੀ ਦਾ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਾਂਗਰਸ ਦੀ ਕਥਿਤ ‘ਗੰਦਗੀ’ ਸਾਫ਼ ਕਰਨ ਲਈ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਵੀ ਕੀਤਾ। ਰੰਧਾਵਾ ਨੇ ਕਿਹਾ ਕਿ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਬਟਾਲਾ ਵਿੱਚ ਲੋਕਾਂ ਤੋਂ ਦੂਰੀ ਬਣਾ ਕੇ ਬੈਠੇ ਅਸ਼ਵਨੀ ਸੇਖੜੀ ਕਰਕੇ ਹੀ ਪਾਰਟੀ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਸੇਖੜੀ ਨੇ ਕਦੇ ਵੀ ਸਥਾਨਕ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ, ਜਿਸ ਦਾ ਸਿੱਟਾ ਹੈ ਕਿ ਅੱਜ ਉਹ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਤੋਂ ਟੁੱਟ ਚੁੱਕੇ ਹਨ ਤੇ ਹਲਕਾ ਵਾਸੀਆਂ ਨਾਲ ਵੀ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੈ।

Advertisement
×