ਕਾਂਗਰਸ ਤੇ ਆਜ਼ਾਦ ਉਮੀਦਵਾਰ ਦੇ ਕਾਗਜ਼ ਪਾੜੇ
ਸਰਕਾਰ ’ਤੇ ਵਿਰੋਧੀ ਉਮੀਦਵਾਰਾਂ ਨੂੰ ਚੋਣਾਂ ’ਚ ਹਿੱਸਾ ਲੈਣ ਤੋਂ ਰੋਕਣ ਦੇ ਦੋਸ਼
ਸੁਭਾਸ਼ ਚੰਦਰ
ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਸਖ਼ਤ ਪੁਲੀਸ ਸੁਰੱਖਿਆ ਦੇ ਬਾਵਜੂਦ ਧੱਕਾ-ਮੁੱਕੀ ਅਤੇ ਜ਼ੋਰ-ਜਬਰੀ ਦੀਆਂ ਘਟਨਾਵਾਂ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ। ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ’ਚ ਗਾਜ਼ੀਪੁਰ ਹਲਕੇ (ਜ਼ੋਨ) ਤੋਂ ਕਾਂਗਰਸ ਉਮੀਦਵਾਰ ਜਗਵਿੰਦਰ ਸਿੰਘ ਬਿਸ਼ਨਪੁਰਾ ਅਤੇ ਰੰਧਾਵਾ ਹਲਕੇ ਤੋਂ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਸ਼ਰਾਰਤੀ ਅਨਸਰ ਖੋਹ ਕੇ ਭੱਜ ਗਏ ਅਤੇ ਪੱਤਰ ਪਾੜ ਦਿੱਤੇ। ਕਾਗਜ਼ ਪਾੜਨ ਦੇ ਬਾਵਜੂਦ ਕਾਂਗਰਸ ਉਮੀਦਵਾਰ ਜਗਵਿੰਦਰ ਸਿੰਘ ਆਪਣੀ ਨਾਮਜ਼ਦਗੀ ਦਾਖ਼ਲ ਕਰਨ ’ਚ ਕਾਮਯਾਬ ਰਹੇ। ਦੂਜੇ ਪਾਸੇ, ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਰਾਂ ਨੇ ਸੁਰਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਖੋਹਣ ਵਾਲੇ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਮਗਰੋਂ ਪਾਰਟੀ ਆਗੂ ਅਸ਼ੋਕ ਮੋਦਗਿੱਲ, ਸੁਖਵਿੰਦਰ ਸਿੰਘ ਰਾਜਲਾ, ਬਲਦੇਵ ਸਿੰਘ ਰਾਜਲਾ, ਮਨਜਿੰਦਰ ਸਿੰਘ ਅਤੇ ਜਗਜੀਤ ਸਿੰਘ ਸੋਨੀ ਨੇ ਕੁਝ ਸਮੇਂ ਲਈ ਤਹਿਸੀਲ ਚੌਕ ਵਿਚ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸੁਰਿੰਦਰ ਕੌਰ ਨੂੰ ਸ਼੍ੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਖੁੱਲ੍ਹਾ ਸਮਰਥਨ ਹਾਸਲ ਹੈ। ਦੋਵਾਂ ਉਮੀਦਵਾਰਾਂ ਨੇ ਇਲਜ਼ਾਮ ਲਾਇਆ ਕਿ ਇਹ ਕਾਰਵਾਈ ਸੱਤਾਧਾਰੀ ਪਾਰਟੀ ਦੇ ਇਸ਼ਾਰੇ ’ਤੇ ਕੀਤੀ ਗਈ। ਘਟਨਾਵਾਂ ਦੀ ਨਿਖੇਧੀ ਕਰਦਿਆਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੁਖਲਾਹਟ ’ਚ ਆ ਗਈ ਹੈ। ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਸੱਤਾਧਾਰੀ ਪਾਰਟੀ ਨੂੰ ਆਪਣੀਆਂ ਨੀਤੀਆਂ ’ਤੇ ਇੰਨਾ ਹੀ ਭਰੋਸਾ ਹੈ ਤਾਂ ਸਾਫ਼ ਸੁਥਰੇ ਢੰਗ ਨਾਲ ਚੋਣ ਮੈਦਾਨ ’ਚ ਆ ਕੇ ਕਾਂਗਰਸ ਦਾ ਮੁਕਾਬਲਾ ਕਰੇ। ਉਨ੍ਹਾਂ ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

