DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਹਿਲਗਾਮ ਹਮਲੇ ਖ਼ਿਲਾਫ਼ ਪੰਜਾਬ ਵਿੱਚ ਕਾਂਗਰਸ ਅਤੇ ਭਾਜਪਾ ਵੱਲੋਂ ਮੁਜ਼ਾਹਰੇ

ਪ੍ਰਦਰਸ਼ਨਕਾਰੀਆਂ ਨੇ ਅਤਿਵਾਦ ਨੂੰ ਸ਼ਹਿ ਦੇਣ ਲਈ ਪਾਕਿਸਤਾਨ ਦੀ ਨਿਖੇਧੀ ਕੀਤੀ; ਪਾਕਿਸਤਾਨ ਦਾ ਪੁਤਲਾ ਫੂਕਿਆ; ਦਹਿਸ਼ਤੀ ਘਟਨਾ ਇਨਸਾਨੀਅਤ ਤੇ ਕਸ਼ਮੀਰ ਦੀ ਤਰੱਕੀ ’ਤੇ ਹਮਲਾ: ਵਿਜੈ ਰੂਪਾਨੀ
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਆਗੂ ਤੇ ਵਰਕਰ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 23 ਅਪਰੈਲ

Advertisement

ਪੰਜਾਬ ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਲੰਘੇ ਦਿਨ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਅੱਜ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਦਾ ਪੁਤਲਾ ਸਾੜਿਆ। ਉਨ੍ਹਾਂ ਨੇ ਭਾਰਤ ’ਚ ਅਤਿਵਾਦ ਨੂੰ ਸਪਾਂਸਰ ਕਰਨ ਤੇ ਭੜਕਾਉਣ ਲਈ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਆਖਿਆ ਕਿ ਗੁਆਂਢੀ ਮੁਲਕ ਦੀਆਂ ਅਜਿਹੀਆਂ ਬੁਜ਼ਦਿਲੀ ਵਾਲੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਹੋਰਨਾਂ ਵਰਕਰਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਪਹਿਲਗਾਮ ਦਹਿਸ਼ਤੀ ਹਮਲੇ ਖ਼ਿਲਾਫ਼ ਪੰਜਾਬ ’ਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ।

ਸ੍ਰੀ ਵੜਿੰਗ ਨੇ ਕਿਹਾ ਕਿ ਅਤਿਵਾਦੀ ਹਮਲਾ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ। ਕਾਂਗਰਸ ਦਾ ਦੇਸ਼ ਲਈ ਕੁਰਬਾਨੀਆਂ ਦੇਣ ਦਾ ਇਕ ਮਹਾਨ ਰਿਕਾਰਡ ਅਤੇ ਇਤਿਹਾਸ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਹਿਲਾਂ ਹੀ ਸਥਿਤੀ ਨਾਲ ਨਜਿੱਠਣ ਅਤੇ ਹਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸਾਰੇ ਆਗੁੂ ਦੁਸ਼ਮਣ ਦੇ ਘਿਨਾਉਣੇ ਮਨਸੂਬਿਆਂ ਨੂੰ ਹਰਾਉਣ ਲਈ ਇਕਜੁੱਟਤਾ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਰਾਬ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਲੰਘੇ ਦਿਨ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ਨੂੰ ਪੰਜਾਬ ਭਾਜਪਾ ਨੇ ਇਨਸਾਨੀਅਤ ’ਤੇ ਦਾਗ ਅਤੇ ਕਸ਼ਮੀਰ ਦੀ ਤਰੱਕੀ ’ਤੇ ਹਮਲਾ ਕਰਾਰ ਦਿੱਤਾ ਹੈ। ਇਸ ਹਮਲੇ ਖ਼ਿਲਾਫ਼ ਪੰਜਾਬ ਭਾਜਪਾ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨ ਦਾ ਪੁਤਲਾ ਸਾੜਿਆ। ਸ੍ਰੀ ਰੂਪਾਨੀ ਨੇ ਅਤਿਵਾਦੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਭਾਰਤ ਵੱਲ ਅੱਖ ਚੁੱਕ ਕੇ ਵੇਖਣ ਤੋਂ ਪਹਿਲਾਂ ਸੌ ਵਾਰ ਸੋਚਣਗੀਆਂ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਵਿਧਾਇਕ ਨਰਿੰਦਰ ਸਿੰਘ ਰੈਨਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਆਦਿ ਸ਼ਾਮਲ ਸਨ।

ਰੂਪਾਨੀ ਨੇ ਕਿਹਾ, ‘‘ਪਿਛਲੇ ਕਈ ਸਾਲਾਂ ਤੋਂ ਮੋਦੀ ਸਰਕਾਰ ਨੇ ਕਸ਼ਮੀਰ ’ਚ ਵਿਕਾਸ ਅਤੇ ਸਥਿਰਤਾ ਵੱਲ ਫੈਸਲਾਕੁਨ ਕਦਮ ਚੁੱਕੇ ਹਨ। ਪੁਲਵਾਮਾ ਹਮਲੇ ਮਗਰੋਂ ਏਅਰ ਸਟਰਾਈਕ ਨੇ ਅਤਿਵਾਦ ਦੀ ਕਮਰ ਤੋੜ ਦਿੱਤੀ ਸੀ ਅਤੇ ਘਾਟੀ ’ਚ ਸਥਿਰਤਾ ਆਉਣ ਨਾਲ ਸੈਲਾਨੀਆਂ ਦੀ ਗਿਣਤੀ ’ਚ ਰਿਕਾਰਡ ਪੱਧਰ ’ਤੇ ਵਾਧਾ ਹੋਇਆ ਸੀ। ਇਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਆਮ ਜੀਵਨ ਖੁਸ਼ਹਾਲ ਹੋ ਗਿਆ ਪਰ ਹੁਣ ਇਸ ਅਤਿਵਾਦੀ ਹਮਲੇ ’ਚ ਸਿਰਫ਼ ਮਾਸੂਮ ਲੋਕਾਂ ਦੀ ਜਾਨ ਹੀ ਨਹੀਂ ਬਲਕਿ ਇਹ ਕਸ਼ਮੀਰ ਦੀ ਸ਼ਾਂਤੀ, ਵਪਾਰ ਅਤੇ ਟੂਰਿਜ਼ਮ ’ਤੇ ਵੀ ਹਮਲਾ ਹੈ।’’

ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਮੱਦੇਨਜ਼ਰ ਸੂਬੇ ਨੂੰ ਹਾਈ ਅਲਰਟ ’ਤੇ ਰੱਖਿਆ ਜਾਵੇ। ਇਸ ਮੌਕੇ ਭਾਜਪਾ ਆਗੂਆਂ ਨੇ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਕਲਪ ਲਿਆ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਭਾਰਤ ਦੀ ਧਰਤੀ ’ਤੇ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ।

ਅੰਮਿ੍ਰਤਸਰ ਵਿੱਚ ਨਅਰੇਬਾਜ਼ੀ ਕਰਦੇ ਹੋਏ ਪੰਜਾਬ ਭਾਜਪਾ ਦੇ ਆਗੂ। -ਫੋਟੋ: ਵਿਸ਼ਾਲ ਕੁਮਾਰ
Advertisement
×