DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ-ਇਜ਼ਰਾਈਲ ’ਚ ਜੰਗਬੰਦੀ ਦੇ ਬਾਵਜੂਦ ‘ਘਮਸਾਣ’

ਇਰਾਨ-ਇਜ਼ਰਾਈਲ ’ਚ ਜੰਗਬੰਦੀ ਕਾਰਨ ‘ਘਮਸਾਣ’
  • fb
  • twitter
  • whatsapp
  • whatsapp
Advertisement

ਬੀਰਸ਼ੇਬਾ (ਇਜ਼ਰਾਈਲ), 24 ਜੂਨ

ਇਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨਾਂ ਤੋਂ ਜਾਰੀ ਜੰਗ ਰੋਕਣ ਦੀਆਂ ਕੋਸ਼ਿਸ਼ਾਂ ’ਤੇ ਉਸ ਸਮੇਂ ਪਾਣੀ ਪੈਂਦਾ ਨਜ਼ਰ ਆਇਆ ਜਦੋਂ ਇਜ਼ਰਾਈਲ ਨੇ ਇਰਾਨ ’ਤੇ ਮਿਜ਼ਾਈਲਾਂ ਦਾਗ਼ਣ ਦਾ ਦੋਸ਼ ਲਾਉਂਦਿਆਂ ਢੁੱਕਵਾਂ ਜਵਾਬ ਦੇਣ ਦਾ ਅਹਿਦ ਲਿਆ। ਉਂਝ ਇਰਾਨ ਦੀ ਫੌਜ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗ਼ਣ ਤੋਂ ਇਨਕਾਰ ਕੀਤਾ ਪਰ ਉੱਤਰੀ ਇਜ਼ਰਾਈਲ ਦੇ ਕਈ ਇਲਾਕਿਆਂ ’ਚ ਧਮਾਕੇ ਸੁਣੇ ਗਏ ਅਤੇ ਸਾਇਰਨ ਵਜਦੇ ਰਹੇ। ਇਸ ਤੋਂ ਪਹਿਲਾਂ ਇਜ਼ਰਾਈਲ ਅਤੇ ਇਰਾਨ ਨੇ ਜੰਗ ਰੋਕਣ ਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਕਤਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਯਤਨਾਂ ਸਦਕਾ ਜੰਗਬੰਦੀ ਸਮਝੌਤਾ ਸਿਰੇ ਚੜ੍ਹਿਆ ਹੈ। ਇਜ਼ਰਾਇਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਤਹਿਰਾਨ ’ਤੇ ਮੁੜ ਜ਼ੋਰਦਾਰ ਹਮਲੇ ਕਰਨ ਲਈ ਫੌਜ ਨੂੰ ਨਿਰਦੇਸ਼ ਦਿੱਤੇ। ਇਰਾਨ ਵੱਲੋਂ ਕਤਰ ’ਚ ਸੋਮਵਾਰ ਰਾਤ ਅਮਰੀਕੀ ਫੌਜੀ ਅੱਡੇ ’ਤੇ ਸੀਮਤ ਮਿਜ਼ਾਈਲ ਹਮਲੇ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਤੜਕੇ ਜੰਗਬੰਦੀ ਦੇ ਸਮਝੌਤੇ ਦਾ ਐਲਾਨ ਕੀਤਾ ਸੀ। ਟਰੰਪ ਦੀ ਪੋਸਟ ਅਤੇ ਜੰਗਬੰਦੀ ਸ਼ੁਰੂ ਹੋਣ ਦਰਮਿਆਨ ਇਜ਼ਰਾਈਲ ਨੇ ਵੱਡੇ ਤੜਕੇ ਇਰਾਨ ’ਚ ਕਈ ਥਾਵਾਂ ’ਤੇ ਹਵਾਈ ਹਮਲੇ ਕੀਤੇ ਜਿਸ ਦਾ ਇਰਾਨ ਨੇ ਮਿਜ਼ਾਈਲਾਂ ਦਾਗ਼ ਕੇ ਜਵਾਬ ਦਿੱਤਾ। ਹਮਲਿਆਂ ਕਾਰਨ ਇਜ਼ਰਾਈਲ ’ਚ ਚਾਰ ਵਿਅਕਤੀ ਮਾਰੇ ਗਏ। ਇਕ ਅਧਿਕਾਰੀ ਨੇ ਕਿਹਾ ਕਿ ਇਰਾਨ ਨੇ ਦੋ ਮਿਜ਼ਾਈਲਾਂ ਦਾਗ਼ੀਆਂ ਸਨ ਅਤੇ ਦੋਹਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਸਵੀਕਾਰ ਕਰ ਲਈ ਜਦਕਿ ਇਰਾਨੀ ਸਰਕਾਰੀ ਟੀਵੀ ਨੇ ਕਿਹਾ ਕਿ ਜੰਗ ਰੁਕ ਗਈ ਹੈ। ਸਾਊਦੀ ਅਰਬ ਅਤੇ ਮਿਸਰ ਸਮੇਤ ਖ਼ਿੱਤੇ ਦੇ ਕਈ ਆਗੂਆਂ ਵੱਲੋਂ ਟਰੰਪ ਦੇ ਜੰਗਬੰਦੀ ਬਾਰੇ ਐਲਾਨ ਦਾ ਸਵਾਗਤ ਕੀਤਾ ਗਿਆ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਟਰੰਪ ਨਾਲ ਤਾਲਮੇਲ ਬਣਾ ਕੇ ਇਰਾਨ ਨਾਲ ਦੁਵੱਲੀ ਜੰਗਬੰਦੀ ਲਈ ਰਾਜ਼ੀ ਹੋ ਗਿਆ ਹੈ। ਉਨ੍ਹਾਂ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੂੰ ਕਿਹਾ ਕਿ ਮੁਲਕ ਨੇ ਇਰਾਨ ਦੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਦੇ ਖ਼ਤਰੇ ਨੂੰ ਖ਼ਤਮ ਕਰਕੇ ਆਪਣੇ ਸਾਰੇ ਜੰਗੀ ਨਿਸ਼ਾਨੇ ਹਾਸਲ ਕਰ ਲਏ ਹਨ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੇ ਫੌਜੀ ਅਧਿਕਾਰੀਆਂ ਅਤੇ ਕਈ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਤੇ ਤਹਿਰਾਨ ਦੇ ਆਸਮਾਨ ’ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ‘ਐਕਸ’ ’ਤੇ ਕਿਹਾ, ‘‘ਹਾਲੇ ਤੱਕ ਕਿਸੇ ਜੰਗਬੰਦੀ ਜਾਂ ਫੌਜੀ ਕਾਰਵਾਈ ਰੋਕਣ ਬਾਰੇ ਕੋਈ ਸਮਝੌਤਾ ਨਹੀਂ ਹੋਇਆ ਹੈ। ਉਂਝ ਇਜ਼ਰਾਇਲੀ ਹਕੂਮਤ ਨੇ ਤੜਕੇ ਚਾਰ ਵਜੇ ਇਰਾਨੀ ਲੋਕਾਂ ਖ਼ਿਲਾਫ਼ ਹਮਲਿਆਂ ਨੂੰ ਰੋਕ ਦਿੱਤਾ ਹੈ ਅਤੇ ਸਾਡਾ ਵੀ ਜਵਾਬ ਦੇਣ ਦਾ ਹੁਣ ਕੋਈ ਇਰਾਦਾ ਨਹੀਂ ਹੈ। ਫੌਜੀ ਕਾਰਵਾਈ ਰੋਕਣ ਦਾ ਆਖਰੀ ਫ਼ੈਸਲਾ ਬਾਅਦ ’ਚ ਲਿਆ ਜਾਵੇਗਾ।’’ ਇਸ ਦੌਰਾਨ ਇਜ਼ਰਾਇਲੀ ਫੌਜ ਨੇ ਕਿਹਾ ਕਿ ਇਰਾਨ ਨੇ ਮੰਗਲਵਾਰ ਨੂੰ ਜੰਗਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਇਜ਼ਰਾਈਲ ’ਤੇ 20 ਮਿਜ਼ਾਈਲਾਂ ਦਾਗ਼ੀਆਂ, ਜਿਸ ਨਾਲ ਬੀਰਸ਼ੇਬਾ ਸ਼ਹਿਰ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ। ਇਕ ਇਮਾਰਤ ’ਚੋਂ ਚਾਰ ਲਾਸ਼ਾਂ ਮਿਲੀਆਂ ਹਨ ਅਤੇ ਮਲਬੇ ’ਚ ਹੋਰ ਵਿਅਕਤੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਹਮਲੇ ’ਚ 20 ਵਿਅਕਤੀ ਜ਼ਖ਼ਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਵਾਸ਼ਿੰਗਟਨ ਅਧਾਰਿਤ ਮਨੁੱਖੀ ਅਧਿਕਾਰ ਗਰੁੱਪ ਮੁਤਾਬਕ 12 ਦਿਨ ਚੱਲੀ ਜੰਗ ’ਚ ਇਜ਼ਰਾਈਲ ਦੇ 28 ਅਤੇ ਇਰਾਨ ਦੇ 974 ਵਿਅਕਤੀ ਮਾਰੇ ਗਏ ਹਨ। -ਏਪੀ

Advertisement

ਅਪਰੇਸ਼ਨ ਸਿੰਧੂ: ਇਰਾਨ ਤੇ ਇਜ਼ਰਾਈਲ ’ਚੋਂ ਹੋਰ ਭਾਰਤੀ ਸੁਰੱਖਿਅਤ ਕੱਢੇ

ਨਵੀਂ ਦਿੱਲੀ: ਭਾਰਤ ਨੇ ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਅੱਜ ਦੋਹਾਂ ਦੇਸ਼ਾਂ ਤੋਂ 1,100 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ, ਜਿਸ ਨਾਲ ਅਪਰੇਸ਼ਨ ਸਿੰਧੂ ਤਹਿਤ ਇਨ੍ਹਾਂ ਮੁਲਕਾਂ ’ਚੋਂ ਕੱਢੇ ਗਏ ਵਿਅਕਤੀਆਂ ਦੀ ਗਿਣਤੀ 3,170 ਹੋ ਗਈ ਹੈ। ਇਜ਼ਰਾਈਲ ਤੋਂ 594 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਸੀ-17 ਹੈਵੀ-ਲਿਫਟ ਜਹਾਜ਼ ਦੀ ਵਰਤੋਂ ਕਰਕੇ 400 ਤੋਂ ਵੱਧ ਵਿਅਕਤੀਆਂ ਨੂੰ ਇਜ਼ਰਾਈਲ ਤੋਂ ਜ਼ਮੀਨੀ ਰਸਤੇ ਰਾਹੀਂ ਜੌਰਡਨ ਅਤੇ ਮਿਸਰ ਲਿਜਾਇਆ ਗਿਆ ਸੀ। ਇਸ ਤੋਂ ਇਲਾਵਾ 161 ਭਾਰਤੀਆਂ ਨੂੰ ਅੰਮਾਨ ਤੋਂ ਇੱਕ ਚਾਰਟਰਡ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ ਹੈ ਜੋ ਸੜਕੀ ਮਾਰਗ ਰਾਹੀਂ ਇਜ਼ਰਾਈਲ ਤੋਂ ਜੌਰਡਨ ਦੀ ਰਾਜਧਾਨੀ ਪਹੁੰਚੇ ਸਨ। ਵਿਦੇਸ਼ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਅੱਜ ਦੋ ਚਾਰਟਰਡ ਉਡਾਣਾਂ ਰਾਹੀਂ ਇਰਾਨ ਤੋਂ ਕੁੱਲ 573 ਭਾਰਤੀਆਂ, ਤਿੰਨ ਸ੍ਰੀਲੰਕਾਈ ਅਤੇ ਦੋ ਨੇਪਾਲੀ ਨਾਗਰਿਕਾਂ ਨੂੰ ਕੱਢਿਆ ਗਿਆ ਹੈ। ਇਰਾਨ ਤੋਂ ਕੱਢੇ ਗਏ ਨਵੇਂ ਜਥਿਆਂ ਤਹਿਤ ਭਾਰਤ ਹੁਣ ਤੱਕ ਫਾਰਸ ਦੀ ਖਾੜੀ ਦੇ ਇਸ ਦੇਸ਼ ਤੋਂ 2,576 ਭਾਰਤੀਆਂ ਨੂੰ ਵਾਪਸ ਲਿਆ ਚੁੱਕਾ ਹੈ। ਇਜ਼ਰਾਈਲ ਅਤੇ ਇਰਾਨ ਵਿਚਾਲੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਅਪਰੇਸ਼ਨ ਸਿੰਧੂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤ ਨੇ ਇਰਾਨ ਅਤੇ ਇਜ਼ਰਾਈਲ ਤੋਂ ਹੁਣ ਤੱਕ ਕੁੱਲ 3,170 ਭਾਰਤੀਆਂ ਨੂੰ ਕੱਢਿਆ ਹੈ।

ਇਜ਼ਰਾਈਲ ਤੋਂ ਜੌਰਡਨ ਸੜਕੀ ਮਾਰਗ ਰਾਹੀਂ ਪਹੁੰਚੇ 161 ਭਾਰਤੀਆਂ ਦਾ ਪਹਿਲਾ ਸਮੂਹ ਅੱਜ ਸਵੇਰੇ 8:20 ਵਜੇ ਅੰਮਾਨ ਤੋਂ ਇੱਕ ਚਾਰਟਰਡ ਉਡਾਣ ਰਾਹੀਂ ਨਵੀਂ ਦਿੱਲੀ ਪਹੁੰਚਿਆ। ਇਸ ਸਮੂਹ ਦਾ ਹਵਾਈ ਅੱਡੇ ’ਤੇ ਵਿਦੇਸ਼ ਰਾਜ ਮੰਤਰੀ ਪਬਿੱਤਰਾ ਮਾਰਗੇਰੀਟਾ ਨੇ ਸਵਾਗਤ ਕੀਤਾ। ਇਜ਼ਰਾਈਲ ਤੋਂ ਜੌਰਡਨ ਲਿਜਾਏ ਗਏ 165 ਭਾਰਤੀਆਂ ਦੇ ਇੱਕ ਹੋਰ ਸਮੂਹ ਨੂੰ ਅੰਮਾਨ ਤੋਂ ਇੱਕ ਸੀ-17 ਜਹਾਜ਼ ਰਾਹੀਂ ਨਵੀਂ ਦਿੱਲੀ ਵਾਪਸ ਲਿਆਂਦਾ ਗਿਆ। ਇਸ ਸਮੂਹ ਦਾ ਸਵਾਗਤ ਰਾਜ ਮੰਤਰੀ ਐੱਲ ਮੁਰੂਗਨ ਨੇ ਕੀਤਾ। 268 ਭਾਰਤੀਆਂ ਦਾ ਇੱਕ ਵੱਖਰਾ ਸਮੂਹ, ਜੋ ਇਜ਼ਰਾਈਲ ਤੋਂ ਮਿਸਰ ਪਹੁੰਚਿਆ ਸੀ, ਨੂੰ ਸ਼ਰਮ-ਅਲ-ਸ਼ੇਖ ਤੋਂ ਇੱਕ ਸੀ-17 ਜਹਾਜ਼ ਰਾਹੀਂ ਕੱਢਿਆ ਗਿਆ ਅਤੇ ਜਹਾਜ਼ ਸਵੇਰੇ 11 ਵਜੇ ਨਵੀਂ ਦਿੱਲੀ ਪਹੁੰਚਿਆ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਇਰਾਨ ਤੋਂ 292 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਮਸ਼ਾਦ ਤੋਂ ਸਵੇਰੇ 3:30 ਵਜੇ ਨਵੀਂ ਦਿੱਲੀ ਪਹੁੰਚੀ। ਉਨ੍ਹਾਂ ਇਹ ਵੀ ਦੱਸਿਆ ਕਿ 281 ਭਾਰਤੀ, ਤਿੰਨ ਸ੍ਰੀਲੰਕਾਈ ਅਤੇ ਦੋ ਨੇਪਾਲੀ ਨਾਗਰਿਕਾਂ ਦਾ ਇੱਕ ਹੋਰ ਜਥਾ ਵੀ ਇਰਾਨ ਤੋਂ ਵਾਪਸ ਲਿਆਂਦਾ ਗਿਆ ਹੈ। ਇਹ ਉਡਾਣ ਵੀ ਮਸ਼ਾਦ ਤੋਂ ਦੁਪਹਿਰ 3 ਵਜੇ ਨਵੀਂ ਦਿੱਲੀ ਪਹੁੰਚੀ। ਜੈਸਵਾਲ ਨੇ ਅੱਗੇ ਕਿਹਾ, ‘ਆਪਰੇਸ਼ਨ ਸਿੰਧੂ ਤਹਿਤ ਹੁਣ ਤੱਕ 2576 ਭਾਰਤੀ ਨਾਗਰਿਕਾਂ ਨੂੰ ਇਰਾਨ ਤੋਂ ਵਾਪਸ ਲਿਆਂਦਾ ਜਾ ਚੁੱਕਾ ਹੈ।’ -ਪੀਟੀਆਈ

ਭਾਰਤ ਪੱਛਮੀ ਏਸ਼ੀਆ ਸੰਘਰਸ਼ ਦਾ ਹੱਲ ਲੱਭਣ ’ਚ ਮਦਦ ਲਈ ਤਿਆਰ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦਾ ਦਾਅਵਾ ਕਰਨ ਦੇ ਕੁਝ ਘੰਟਿਆਂ ਬਾਅਦ ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸੰਘਰਸ਼ ਦਾ ਹੱਲ ਲੱਭਣ ਲਈ ਆਪਣੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਹੈ। ਭਾਰਤ ਨੇ ਅੱਗੇ ਵਧਣ ਦੇ ਲਿਹਾਜ ਨਾਲ ‘ਵਾਰਤਾ ਅਤੇ ਕੂਟਨੀਤੀ’ ਦਾ ਰਾਹ ਅਪਣਾਉਣ ’ਤੇ ਜ਼ੋਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਪੂਰੇ ਹਾਲਾਤ ਨੂੰ ਲੈ ਕੇ ‘ਗੰਭੀਰ ਤੌਰ ’ਤੇ ਫਿਕਰਮੰਦ’ ਹੈ ਪਰ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੀਆਂ ਰਿਪੋਰਟਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਕਤਰ ਅਤੇ ਅਮਰੀਕਾ ਵੱਲੋਂ ਨਿਭਾਈ ਗਈ ਭੂਮਿਕਾ ਦਾ ਵੀ ਉਹ ਸਵਾਗਤ ਕਰਦੇ ਹਨ। -ਪੀਟੀਆਈ

ਪੱਛਮ ਏਸ਼ੀਆ ਲਈ ਮੁੜ ਤੋਂ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ ਤੇ ਏਆਈਐੱਕਸਪ੍ਰੈੱਸ

ਨਵੀਂ ਦਿੱਲੀ: ਏਅਰ ਇੰਡੀਆ ਤੇ ਏਆਈਐੱਕਸਪ੍ਰੈੱਸ ਨੇ ਅੱਜ ਕਿਹਾ ਕਿ ਉਹ ਹੌਲੀ-ਹੌਲੀ ਪੱਛਮੀ ਏਸ਼ੀਆ ਲਈ ਉਡਾਣਾਂ ਮੁੜ ਤੋਂ ਸ਼ੁਰੂ ਕਰੇਗੀ ਕਿਉਂਕਿ ਇਸ ਖੇਤਰ ’ਚ ਹਵਾਈ ਖੇਤਰ ਮੁੜ ਤੋਂ ਖੁੱਲ੍ਹ ਰਹੇ ਹਨ। ਏਅਰ ਇੰਡੀਆ ਨੇ ਕਿਹਾ ਕਿ ਜ਼ਿਆਦਾਤਰ ਉਡਾਣਾਂ 25 ਜੂਨ ਤੋਂ ਮੁੜ ਸ਼ੁਰੂ ਹੋਣਗੀਆਂ। ਏਅਰ ਲਾਈਨ ਨੇ ਬਿਆਨ ’ਚ ਕਿਹਾ, ‘ਪਹਿਲਾਂ ਰੱਦ ਕੀਤੀਆਂ ਗਈਆਂ ਯੂਰਪ ਦੀਆਂ ਉਡਾਣਾਂ ਵੀ ਅੱਜ ਤੋਂ ਕ੍ਰਮਵਾਰ ਢੰਗ ਨਾਲ ਬਹਾਲ ਕੀਤੀਆਂ ਜਾ ਰਹੀਆਂ ਹਨ ਜਦਕਿ ਅਮਰੀਕਾ ਤੇ ਕੈਨੇਡਾ ਦੇ ਪੂਰਬੀ ਤੱਟ ਤੋਂ ਆਉਣ-ਜਾਣ ਵਾਲੀਆਂ ਸੇਵਾਵਾਂ ਜਲਦੀ ਤੋਂ ਜਲਦੀ ਮੁੜ ਸ਼ੁਰੂ ਹੋਣਗੀਆਂ।’ ਏਅਰ ਲਾਈਨ ਨੇ ਕਿਹਾ ਕਿ ਅਜਿਹੇ ’ਚ ਕੁਝ ਉਡਾਣਾਂ ’ਚ ਦੇਰੀ ਹੋ ਸਕਦੀ ਹੈ ਅਤੇ ਕੁਝ ਨੂੰ ਰੱਦ ਕੀਤਾ ਜਾ ਸਕਦਾ ਹੈ। ਏਅਰ ਇੰਡੀਆ ਨੇ ਕਿਹਾ, ‘ਅਸੀਂ ਅੜਿੱਕੇ ਘਟਾਉਣ ਅਤੇ ਆਪਣੀ ਸਮਾਂ ਸਾਰਨੀ ਨੂੰ ਬਹਾਲ ਕਰਨ ਲਈ ਪ੍ਰਤੀਬੱਧ ਹਾਂ। ਏਅਰ ਇੰਡੀਆ ਅਸੁਰੱਖਿਅਤ ਮੰਨੇ ਜਾਣ ਵਾਲੇ ਹਵਾਈ ਖੇਤਰਾਂ ਤੋਂ ਬਚਣਾ ਜਾਰੀ ਰੱਖੇਗੀ।’ -ਪੀਟੀਆਈ

Advertisement
×