ਪ੍ਰਿੰਸੀਪਲਾਂ ਦੀ ਤਰੱਕੀ ਲਈ ਵਿੱਦਿਅਕ ਯੋਗਤਾ ’ਚ ਅੰਕਾਂ ਦੀ ਸ਼ਰਤ ਖ਼ਤਮ
ਲੈਕਚਰਾਰ ਯੂਨੀਅਨ ਵੱਲੋਂ ਤਰੱਕੀਆਂ ਦੇ ਨਾਲ-ਨਾਲ ਮੁੱਖ ਦਫ਼ਤਰ ਦੀਆਂ ਖਾਲੀ ਆਸਾਮੀਆਂ ਵੀ ਭਰਨ ਦੀ ਮੰਗ
ਕਰਮਜੀਤ ਸਿੰਘ ਚਿੱਲਾ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ ਕਰ ਕੇ ਸਪਸ਼ੱਟ ਕੀਤਾ ਗਿਆ ਹੈ ਕਿ ਪਿ੍ੰਸੀਪਲ ਦੀ ਆਸਾਮੀ ਲਈ ਪੋਸਟ ਗ੍ਰੈਜੂਏਸ਼ਨ ਦੀ ਵਿਦਿਅਕ ਯੋਗਤਾ ਲੋੜੀਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਪੋਸਟ ਗ੍ਰੈਜੂਏਟ ਵਿੱਚ ਜਨਰਲ ਕੈਟਾਗਰੀ ਲਈ ਘੱਟੋ-ਘੱਟ 50 ਫੀਸਦੀ ਅੰਕਾਂ ਦੀ ਸ਼ਰਤ ਅਤੇ ਐਸਸੀ, ਐਸਟੀ, ਬੀਸੀ, ਓਬੀਸੀ ਅਤੇ ਦਿਵਿਆਂਗ ਕੈਟਾਗਰੀ ਲਈ 45 ਫੀਸਦੀ ਅੰਕਾਂ ਦੀ ਸ਼ਰਤ ਲਾਗੂ ਨਹੀਂ ਹੋਵੇਗੀ। ਉਨ੍ਹਾਂ ਵਿਭਾਗ ਵੱਲੋਂ ਦਿੱਤੇ ਇਸ ਸਪਸ਼ਟੀਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸ੍ਰੀਮਤੀ ਅਨੰਦਿਤਾ ਮਿੱਤਰਾ ਦਾ ਧੰਨਵਾਦ ਕੀਤਾ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਜਨਰਲ ਸਕੱਤਰ ਬਲਰਾਜ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਬੈਂਸ ਨੇ ਮੰਗ ਕੀਤੀ ਕਿ ਪੰਜਾਬ ਵਿੱਚ 1000 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ ਅਤੇ ਹਰ ਮਹੀਨੇ ਸੈਂਕੜੇ ਲੈਕਚਰਾਰ 25-25 ਸਾਲ ਦੀ ਸੇਵਾ ਨਿਭਾਅ ਕੇ ਪਦਉੱਨਤੀ ਦੀ ਉਡੀਕ ਵਿਚ ਨਿਰਾਸ਼ ਹੋ ਕੇ ਸੇਵਾਮੁਕਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪੇਂਡੂ ਭੱਤਾ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਨਾ ਹੋਣ ਕਾਰਨ ਸਿੱਖਿਆ ਵਿਭਾਗ ਦੇ ਅਧਿਆਪਕ ਵਰਗ ਵਿੱਚ ਬਹੁਤ ਰੋਸ ਹੈ। ਯੂਨੀਅਨ ਦੇ ਸੂਬਾਈ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਿੱਚੋਂ ਪਦਉੱਨਤ ਕਰਕੇ ਮੁੱਖ ਦਫ਼ਤਰ ਵਿਖੇ ਖਾਲੀ ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ਦੀਆਂ ਆਸਾਮੀਆਂ ਭਰੀਆਂ ਜਾਣ ਤਾ ਜੋ ਤਜਰਬੇਕਾਰ ਅਧਿਕਾਰੀਆਂ ਦੀਆਂ ਸੇਵਾਵਾਂ ਦਾ ਵਿਭਾਗ ਨੂੰ ਲਾਭ ਮਿਲ ਸਕੇ। ਇਸ ਮੌਕੇ ਅਮਰਜੀਤ ਸਿੰਘ ਵਾਲੀਆ, ਜਸਪਾਲ ਸਿੰਘ ਵਾਲੀਆ ਅਤੇ ਬਲਜੀਤ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।

