ਆਧਾਰ ਕਾਰਡਾਂ ਤੋਂ ਪੰਜਾਬੀ ਹਟਾਉਣ ਦੀ ਨਿਖੇਧੀ
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਆਧਾਰ ਕਾਰਡਾਂ ਤੋਂ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬੀ ਭਾਸ਼ਾ ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ’ਤੇ ਸਿੱਧਾ ਹਮਲਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕਿਹਾ ਹੈ ਕਿ ਪੰਜਾਬ, ਜੋ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਸੂਬੇ ਵਜੋਂ ਵਜੂਦ ਵਿੱਚ ਆਇਆ, ਦੀ ਮਾਂ-ਬੋਲੀ ਨੂੰ ਉਸ ਦੇ ਆਪਣੇ ਘਰ ਵਿੱਚ ਹੀ ਬੇਗਾਨਾ ਕਰਨ ਦੀ ਇਹ ਸਾਜਿਸ਼ ਅਤਿ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਆਧਾਰ ਕਾਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਸੀ, ਜਿਸ ਵਿੱਚ ਵਸਨੀਕ ਦਾ ਨਾਂ, ਮਾਤਾ-ਪਿਤਾ, ਪਤੀ ਦਾ ਨਾਂ, ਜਨਮ ਮਿਤੀ, ਲਿੰਗ, ਪਤਾ ਅਤੇ ਸਲੋਗਨ ‘ਮੇਰਾ ਆਧਾਰ, ਮੇਰੀ ਪਛਾਣ’ ਪੰਜਾਬੀ ਵਿੱਚ ਉੱਕਰਿਆ ਹੁੰਦਾ ਸੀ। ਹੁਣ ਨਵੇਂ ਅਤੇ ਸੋਧੇ ਜਾ ਰਹੇ ਆਧਾਰ ਕਾਰਡਾਂ ’ਤੇ ਸਿਰਫ਼ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੁੱਦੇ ’ਤੇ ਪੰਜਾਬ ਸਰਕਾਰ ਦੀ ਚੁੱਪ ਵੀ ਨਿਰਾਸ਼ਾਜਨਕ ਅਤੇ ਸਵਾਲੀਆ ਚਿਨ੍ਹ ਹੈ।