ਇੱਥੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ’ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਪੰਜਾਬ ਭਰ ਤੋਂ ਪੁੱਜੇ ਕੰਪਿਊਟਰ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਕੰਪਿਊਟਰ ਅਧਿਆਪਕ ਪੁਲੀਸ ਦੇ ਨਾਕੇ ਤੋੜ ਕੇ ਅੱਗੇ ਵਧਣਾ ਚਾਹੁੰਦੇ ਸਨ ਪਰ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੰਪਿਊਟਰ ਅਧਿਆਪਕ ਸਥਾਨਕ ਕੌਮੀ ਹਾਈਵੇਅ-7 ਦੇ ਸੰਗਰੂਰ-ਪਟਿਆਲਾ ਬਾਈਪਾਸ ਓਵਰਬ੍ਰਿਜ ਹੇਠ ਇਕੱਠੇ ਹੋਏ ਜਿੱਥੇ ‘ਹੱਕ ਬਚਾਓ’ ਰੋਸ ਰੈਲੀ ਕੀਤੀ ਗਈ। ਬਾਅਦ ਦੁਪਹਿਰ ਜਦੋਂ ਰੋਸ ਮਾਰਚ ਕਰਦੇ ਹੋਏ ਕੰਪਿਊਟਰ ਅਧਿਆਪਕ ਪੁਲੀਸ ਵੱਲੋਂ ਲਾਏ ਬੈਰੀਕੇਡ ਹਟਾ ਕੇ ਅੱਗੇ ਵਧੇ ਤਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ ਜਿਸ ਦੌਰਾਨ ਅਧਿਆਪਕਾਂ ਨਾਲ ਖਿੱਚ-ਧੂਹ ਅਤੇ ਧੱਕਾ-ਮੁੱਕੀ ਵੀ ਹੋਈ। ਇਸ ਮੌਕੇ ਯੂਨੀਅਨ ਆਗੂ ਕੁਲਵਿੰਦਰ ਸਿੰਘ, ਸੁਮਨ ਭਾਰਦਵਾਜ, ਸੁਨੀਤ ਸਰੀਨ, ਕਰਮਜੀਤ ਪੁਰੀ, ਗਗਨਦੀਪ ਸਿੰਘ, ਰਘੁਬੀਰ ਸਿੰਘ, ਰਮਨ ਵਸਿਸ਼ਟ, ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਪਵਨ ਕੁਮਾਰ ਸੋਹਲ ਆਦਿ ਨੇ ਸੰਬੋਧਨ ਕੀਤਾ।ਸਰਕਾਰ ਤੇ ਅਫ਼ਸਰਸ਼ਾਹੀ ’ਤੇ ਹੱਕੀ ਮੰਗਾਂ ਮੰਨਣ ਤੋਂ ਭੱਜਣ ਦਾ ਦੋਸ਼ਇਸ ਮੌਕੇ ਸੰਘਰਸ਼ ਕਮੇਟੀ ਦੇ ਸੂਬਾ ਆਗੂਆਂ ਜੋਨੀ ਸਿੰਗਲਾ, ਪਰਮਵੀਰ ਸਿੰਘ, ਰਣਜੀਤ ਸਿੰਘ, ਨਰਦੀਪ ਸ਼ਰਮਾ, ਅੰਜੂ ਜੈਨ ਅਤੇ ਗੁਰਬਖ਼ਸ਼ ਲਾਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਇਤਿਹਾਸਕ ਫ਼ੈਸਲਾ ਦਿੰਦਿਆਂ ਪੰਜਾਬ ਸਿਵਲ ਸਰਵਿਸਿਜ਼ ਨਿਯਮ ਅਤੇ ਨਿਯਮਾਂ ਤਹਿਤ ਮਿਲਣਯੋਗ ਸੰਪੂਰਨ ਲਾਭ ਲਾਗੂ ਕਰਨ ਅਤੇ ਛੇਵਾਂ ਪੇਅ ਕਮਿਸ਼ਨ ਲਾਗੂ ਹੋਣ ਬਾਰੇ ਆਖਿਆ ਸੀ ਪਰ ਪੰਜ ਮਹੀਨੇ ਬੀਤਣ ਦੇ ਬਾਵਜੂਦ ਸਰਕਾਰ ਤੇ ਅਫ਼ਸਰਸ਼ਾਹੀ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਅਤੇ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਦਿੰਦਿਆਂ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਮੌਤ ਸਬੰਧੀ ਕੇਸਾਂ ਬਾਰੇ ਨੀਤੀ ਬਣਾਈ ਜਾਵੇ।