ਪੰਜਾਬ ’ਚ ਸਨਅਤੀ ਪਲਾਟਾਂ ਦੀ ਵੰਡ ਲਈ ਵਿਆਪਕ ਨੀਤੀ ਨੂੰ ਪ੍ਰਵਾਨਗੀ
ਆਤਿਸ਼ ਗੁਪਤਾ
ਚੰਡੀਗੜ੍ਹ, 21 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਜੇਲ੍ਹ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਦੀਆਂ 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਉਦਯੋਗਪਤੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਉਦਯੋਗਿਕ ਪਲਾਟਾਂ ਦੀ ਵੰਡ ਅਤੇ ਉਪ-ਵੰਡ ਲਈ ਵਿਆਪਕ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨਿਯਮ, 2025 ਬਣਾਉਣ ਅਤੇ ਪੰਜਾਬ ਕਿਰਤ ਭਲਾਈ ਫੰਡ ਐਕਟ 1965 ਵਿੱਚ ਸੋਧ ਲਈ ਮਨਜ਼ੂਰੀ ਵੀ ਦਿੱਤੀ ਹੈ। ਇਸ ਦੌਰਾਨ ਗਮਾਡਾ, ਗਲਾਡਾ, ਪੁਡਾ ਸਣੇ ਹੋਰਨਾਂ ਵਿਕਾਸ ਅਥਾਰਟੀਆਂ ਦਾ ਚੇਅਰਮੈਨ ਮੁੱਖ ਮੰਤਰੀ ਦੀ ਥਾਂ ਮੁੱਖ ਸਕੱਤਰ ਨੂੰ ਬਣਾਇਆ ਗਿਆ ਹੈ।
ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਤਰੁਣਪ੍ਰੀਤ ਸਿੰਘ ਸੌਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸਿੱਧੀ ਭਰਤੀ ਕੋਟੇ ਤਹਿਤ ਸਹਾਇਕ ਸੁਪਰਡੈਂਟ, ਵਾਰਡਰ ਤੇ ਮੈਟਰਨ ਦੀਆਂ 500 ਖ਼ਾਲੀ ਅਸਾਮੀਆਂ ਦੀ ਭਰਤੀ ਨੂੰ ਸਹਿਮਤੀ ਦਿੱਤੀ ਹੈ। ਇਸ ਭਰਤੀ ਵਿਚ 29 ਸਹਾਇਕ ਸੁਪਰਡੈਂਟ, 451 ਵਾਰਡਰ ਅਤੇ 20 ਮੈਟਰਨ ਭਰਤੀ ਕੀਤੇ ਜਾਣਗੇ। ਇਹ ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕੀਤੀ ਜਾਵੇਗੀ। ਇਹ ਭਰਤੀ ਜੇਲ੍ਹਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਸਹਾਈ ਹੋਵੇਗੀ।
ਸ੍ਰੀ ਚੀਮਾ ਨੇ ਕਿਹਾ ਕਿ ਮੰਤਰੀ ਮੰਡਲ ਨੇ ਪੀਐੱਸਆਈਈਸੀ ਦੇ ਪ੍ਰਬੰਧਨ ਹੇਠਲੇ ਉਦਯੋਗਿਕ ਅਸਟੇਟਾਂ ਵਿੱਚ ਉਦਯੋਗਿਕ ਪਲਾਟਾਂ ਦੀ ਵੰਡ ਅਤੇ ਉਪ-ਵੰਡ ਲਈ ਇੱਕ ਵਿਆਪਕ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਤਾਂ ਜੋ ਜ਼ਮੀਨ ਦੀ ਵਰਤੋਂ ਹੋਰ ਸਹੀ ਢੰਗ ਨਾਲ ਕੀਤੀ ਜਾ ਸਕੇ। ਇਹ ਨੀਤੀ ਛੋਟੇ ਉਦਯੋਗਿਕ ਪਲਾਟਾਂ ਖ਼ਾਸ ਕਰਕੇ ਆਈਟੀ ਤੇ ਸੇਵਾ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ ਹੈ। ਇਸ ਨਾਲ ਪੰਜਾਬ ਵਿੱਚ ਨਵੀਂ ਇੰਡਸਟਰੀ ਵੀ ਲੱਗੇਗੀ ਅਤੇ ਪੁਰਾਣੇ ਕਈ ਵਿਵਾਦ ਵੀ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਨੀਤੀ 1000 ਵਰਗ ਗਜ ਜਾਂ ਇਸ ਤੋਂ ਵੱਡੇ ਫਰੀ-ਹੋਲਡ ਪਲਾਟਾਂ ’ਤੇ ਲਾਗੂ ਹੁੰਦੀ ਹੈ, ਜਿਸ ਵਿੱਚ ਉਪ-ਵੰਡ ਪਲਾਟ ਘੱਟੋ-ਘੱਟ 400 ਵਰਗ ਗਜ ਦੇ ਕੀਤੇ ਜਾ ਸਕਦੇ ਹਨ। ਇਸ ਲਈ ਅਸਲ ਪਲਾਟ ਦੀ ਮੌਜੂਦਾ ਰਾਖਵੀਂ ਕੀਮਤ ਦੀ 5 ਫ਼ੀਸਦ ਫ਼ੀਸ ਲਈ ਜਾਵੇਗੀ ਜੋ ਕਿ ਮ੍ਰਿਤਕ ਅਲਾਟੀ ਦੇ ਪਰਿਵਾਰਕ ਮੈਂਬਰਾਂ ਜਾਂ ਕਾਨੂੰਨੀ ਵਾਰਸਾਂ ਲਈ ਘਟਾ ਕੇ 50 ਫ਼ੀਸਦ ਕਰ ਦਿੱਤੀ ਜਾਵੇਗੀ। ਸ੍ਰੀ ਸੌਂਦ ਨੇ ਕਿਹਾ ਕਿ ਉਕਤ ਨੀਤੀ ਤਹਿਤ ਉਦਯੋਗਿਕ ਪਲਾਟਾਂ ਦੀ ਉਪ-ਵੰਡ ਕਰਨ ਵਾਲਿਆਂ ਨੂੰ 5 ਸਾਲ ਤੱਕ ਉਸ ਜ਼ਮੀਨ ’ਤੇ ਇੰਡਸਟਰੀ ਚਲਾਉਣੀ ਲਾਜ਼ਮੀ ਹੋਵੇਗੀ। 5 ਸਾਲ ਬਾਅਦ ਪਲਾਂਟ ਮਾਲਕ ਉਸ ਜ਼ਮੀਨ ’ਤੇ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਕੁਝ ਵੀ ਉਸਾਰੀ ਕਰ ਸਕਦਾ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਅੱਜ ਮੰਤਰੀ ਮੰਡਲ ਵਿੱਚ ਕਾਰੋਬਾਰ ਕਰਨ ਵਿੱਚ ਸੌਖ ਲਈ ਪੰਜਾਬ ਫੈਕਟਰੀ ਨਿਯਮ, 1952 ਦੇ ਨਿਯਮ 2-ਏ, ਨਿਯਮ 3-ਏ, ਨਿਯਮ 4 ਅਤੇ ਨਿਯਮ 102 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਪੰਜਾਬ ਕਿਰਤ ਭਲਾਈ ਫੰਡ ਐਕਟ 1965 ਵਿਚ ਸੋਧ ਕਰਨ ਲਈ ਵੀ ਸਹਿਮਤੀ ਦੇ ਦਿੱਤੀ। ਇਸ ਲਈ ਫੰਡ ਨੂੰ ਹੋਰ ਉਚਿਤ ਅਤੇ ਪ੍ਰਗਤੀਸ਼ੀਲ ਬਣਾ ਕੇ ਕਿਰਤੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਐਕਟ ਦੇ ਵੱਖ-ਵੱਖ ਉਪਬੰਧਾਂ ਵਿੱਚ ਸੋਧ ਕੀਤੀ ਗਈ ਹੈ। ਮੰਤਰੀ ਮੰਡਲ ਨੇ ਪੰਜਾਬ ਵਿੱਤੀ ਨਿਯਮਾਂ ਨੂੰ ਅਪਡੇਟ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਕਿਉਂਕਿ ਇਹ ਨਿਯਮ 1984 ਵਿੱਚ ਬਣਾਏ ਗਏ ਸਨ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪੀਆਰਟੀਪੀਡੀ ਐਕਟ ਦੀ ਧਾਰਾ 29 (3) ਵਿੱਚ ਸੋਧ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਫੈਕਟਰੀਆਂ ਨੂੰ ਤਿੰਨ ਤੋਂ ਪੰਜ ਸਾਲ ਲਈ ਮਿਲੇਗਾ ਫਾਇਰ ਸੇਫ਼ਟੀ ਸਰਟੀਫਿਕੇਟ
ਪੰਜਾਬ ਮੰਤਰੀ ਮੰਡਲ ਨੇ ਅੱਜ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (ਫਾਇਰ ਸੇਫ਼ਟੀ ਸਰਟੀਫਿਕੇਟ ਦੀ ਵੈਧਤਾ) ਨਿਯਮ, 2025 ਬਣਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਨਾਲ ਫੈਕਟਰੀਆਂ ਵਿੱਚ ਪਹਿਲਾਂ ਫਾਇਰ ਸੇਫਟੀ ਸਰਟੀਫਿਕੇਟ ਹਰ ਸਾਲ ਨਵਿਉਆਉਣਾ ਪੈਂਦਾ ਸੀ, ਪਰ ਹੁਣ ਸੂਬੇ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ ਤਿੰਨ ਤੋਂ ਪੰਜ ਸਾਲ ਦੀ ਕਰ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਫੈਕਟਰੀ ਮਾਲਕਾਂ ਦੀ ਖੱਜਲ-ਖੁਆਰੀ ਘਟੇਗੀ।
ਮਜੀਠੀਆ ਮੇਰੀ ਫ਼ਿਕਰ ਛੱਡ ਸੁਖਬੀਰ ਦੀਆਂ ਸੱਟਾਂ ਬਾਰੇ ਦੱਸਣ: ਮਾਨ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ ਵਿਰੋਧੀ ਧਿਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਲਗਾਤਾਰ ਸੇਧੇ ਜਾ ਰਹੇ ਨਿਸ਼ਾਨਿਆਂ ਤੋਂ ਬਾਅਦ ਅੱਜ ਮਾਨ ਨੇ ਮੋੜਵਾਂ ਜਵਾਬ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਸ਼ਬਦੀ ਵਾਰ ਕੀਤੇ। ਉਨ੍ਹਾਂ ਮਜੀਠੀਆ ਪਰਿਵਾਰ ’ਤੇ ਜਨਰਲ ਡਾਇਰ ਨੂੰ ਡਿਨਰ ਕਰਵਾਉਣ ਅਤੇ ਸਿਰੋਪਾਓ ਭੇਟ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਚੰਡੀਗੜ੍ਹ ਦੇ ਮਿਉਂਸੀਪਲ ਭਵਨ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਵਿਰੋਧੀ ਧਿਰ ਦੇ ਆਗੂਆਂ ਨੇ ਕਦੇ ਪੰਜਾਬ ਦੇ ਹਿੱਤ ’ਚ ਗੱਲ ਤਾਂ ਨਹੀਂ ਕੀਤੀ, ਪਰ ਉਹ ਰੋਜ਼ ਸਵੇਰੇ ਉੱਠਕੇ ਮੇਰੇ ’ਤੇ ਹਮਲੇ ਜ਼ਰੂਰ ਕਰਨ ਲੱਗ ਜਾਂਦੇ ਹਨ।’ ਉਨ੍ਹਾਂ ਕਿਹਾ, ‘ਮੈਂ ਕਿਸੇ ਹਸਪਤਾਲ ਵਿੱਚ ਜਾਣਕਾਰ ਦਾ ਹਾਲ ਪੁੱਛਣ ਵੀ ਚਲਾ ਜਾਵਾਂ ਤਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਮੇਰੀ ਸਿਹਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।’ ਉਨ੍ਹਾਂ ਕਿਹਾ ਕਿ ਮਜੀਠੀਆ ਆਪਣੇ ਜੀਜੇ ਸੁਖਬੀਰ ਬਾਦਲ ਦੀ ਸਿਹਤ ਬਾਰੇ ਵੀ ਕੁਝ ਦੱਸ ਦੇਣ ਕਿ ਉਨ੍ਹਾਂ ਦੀ ਕਦੇ ਲੱਤ ਅਤੇ ਕਦੇ ਬਾਂਹ ਟੁੱਟ ਜਾਂਦੀ ਹੈ, ਉਹ ਕਿੱਥੋਂ ਡਿੱਗੇ ਸਨ। ਉਨ੍ਹਾਂ ਕਿਹਾ, ‘ਵਿਰੋਧੀ ਧਿਰਾਂ ਵੱਲੋਂ ਪਿਛਲੇ 12 ਸਾਲਾਂ ਤੋਂ ਮੇਰੇ ’ਤੇ ਦਿਨ-ਰਾਤ ਸ਼ਰਾਬ ਪੀਣ ਦੇ ਦੋਸ਼ ਲਾਏ ਜਾਂਦੇ ਹਨ, ਪਰ ਇੰਨੀ ਸ਼ਰਾਬ ਪੀਣ ਵਾਲੇ ਕਦੇ ਵੀ ਇੰਨਾ ਲੰਬਾ ਸਮਾਂ ਜਿਊਂਦੇ ਨਹੀਂ। ਵਿਰੋਧੀ ਧਿਰ ਦੇ ਆਗੂਆਂ ਨੇ ਪੰਜਾਬ ਦੀ ਭਲਾਈ ਲਈ ਗੱਲਾਂ ਕਰਨ ਦੀ ਥਾਂ ਮੇਰੇ ’ਤੇ ਨਿੱਜੀ ਹਮਲੇ ਕੀਤੇ, ਜੋ ਬਿਲਕੁਲ ਗਲਤ ਹੈ।’ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠਆ ਦੀ ਬਣਦੀ ਨਹੀਂ ਹੈ ਅਤੇ ਨਾ ਹੀ ਮਜੀਠੀਆ ਤੇ ਹਰਸਿਮਰਤ ਦੀ ਬਣਦੀ ਹੈ, ਪਰ ਮੈਂ ਇਸ ਬਾਰੇ ਕਦੇ ਕੁਝ ਨਹੀਂ ਕਿਹਾ। ਉਨ੍ਹਾਂ ਨੇ ਮਜੀਠੀਆ ਨੂੰ ਆਪਣੇ ਪਰਿਵਾਰ ਦੇ ਪਿਛੋਕੜ ਦੀ ਘੋਖ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਮਜੀਠੀਆ ਪਰਿਵਾਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਗੋਲੀਆਂ ਚਲਾਉਣ ਵਾਲੇ ਜਨਰਲ ਡਾਇਰ ਨੂੰ ਉਨ੍ਹਾਂ ਨੇ ਆਪਣੇ ਘਰ ਡਿਨਰ ਕਰਵਾਇਆ ਸੀ ਅਤੇ ਮਗਰੋਂ ਸਿਰੋਪਾਓ ਭੇਟ ਕਰਕੇ ਉਸ ਨੂੰ ਦੁਨੀਆ ਦਾ ਪਹਿਲਾ ‘ਆਨਰੇਰੀ ਸਿੱਖ’ ਬਣਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਪੰਜਾਬ ਦੀਆਂ ਗੱਲਾਂ ਛੱਡ ਕੇ ਨਿੱਜੀ ਟਿੱਪਣੀਆਂ ਕਰਨ ਲੱਗੇ ਹੋਏ ਹਨ।
ਸਿਆਸਤ ’ਚ ਪੈਸਾ ਨਹੀਂ, ਇੱਜ਼ਤ ਕਮਾਉਣ ਆਇਆਂ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਪੈਸਾ ਕਮਾਉਣ ਨਹੀਂ, ਸਗੋਂ ਇੱਜ਼ਤ ਕਮਾਉਣ ਆਏ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਜਾਇਦਾਦ ਵਧਦੀ ਹੈ, ਪਰ ਮੇਰੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2012 ਵਿੱਚ ਚੋਣ ਲੜਨ ਸਮੇਂ ਸਭ ਕੁਝ ਜਨਤਕ ਕਰ ਦਿੱਤਾ ਸੀ, ਪਰ ਸਾਲ 2014 ਵਿੱਚ ਦੁਬਾਰਾ ਚੋਣ ਲੜਨ ’ਤੇ ਜਾਇਦਾਦ ਪਹਿਲਾਂ ਨਾਲੋਂ ਘੱਟ ਗਈ। ਸਾਲ 2014 ਵਿੱਚ ਸੰਸਦ ਮੈਂਬਰ ਬਣਨ ਦੇ ਬਾਵਜੂਦ 2017 ਵਿੱਚ ਜਲਾਲਾਬਾਦ ਤੋਂ ਚੋਣ ਲੜਨ ਸਮੇਂ ਜਾਇਦਾਦ ਹੋਰ ਘੱਟ ਗਈ। ਇਸ ਤੋਂ ਬਾਅਦ 2019 ਵਿੱਚ ਸੰਗਰੂਰ ਤੋਂ ਦੁਬਾਰਾ ਲੜਨ ’ਤੇ ਜਾਇਦਾਦ ਹੋਰ ਘਟ ਗਈ ਅਤੇ ਹੁਣ ਸਾਲ 2022 ਵਿੱਚ ਵਿਧਾਨ ਸਭਾ ਚੋਣ ਲੜਨ ਸਮੇਂ ਜਾਇਦਾਦ ਉਸ ਤੋਂ ਵੀ ਘੱਟ ਗਈ ਹੈ।