ਕਰਨਲ ਬਾਠ ਮਾਮਲਾ: ਪੜਤਾਲ ਨੂੰ ਪ੍ਰਭਾਵਿਤ ਕਰਨ ਲਈ ਜੱਜ ’ਤੇ ਉਠਾਏ ਸਵਾਲ
ਗੁਰਨਾਮ ਸਿੰਘ ਅਕੀਦਾ
ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸ ਦੇ ਪੁੱਤਰ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਢਾਬੇ ’ਤੇ ਹੋਈ ਕੁੱਟਮਾਰ ਦੇ ਮਾਮਲੇ ਨੂੰ ਦਬਾਉਣ ਲਈ ਇਕ ਜੱਜ ’ਤੇ ਸਵਾਲ ਉਠਾਏ ਗਏ ਹਨ। ਅੱਜ ਇਸ ਸਬੰਧੀ ਪ੍ਰਗਟਾਵਾ ਕਰਦਿਆਂ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਪੁਲੀਸ ਅਧਿਕਾਰੀ ਇੰਨੇ ਤਾਕਤਵਰ ਹਨ ਕਿ ਇਨ੍ਹਾਂ ਨੇ ਯੂਟੀ ਪੁਲੀਸ ਦੀ ਜਾਂਚ ਟੀਮ ਵੀ ਆਪਣੇ ਪ੍ਰਭਾਵ ਹੇਠ ਲੈ ਲਈ। ਉਨ੍ਹਾਂ ਕਿਹਾ ਕਿ ਮੰਡੋਰ ਵਿੱਚ ਹੋਏ ਐਨਕਾਊਂਟਰ ਮਾਮਲੇ ਵਿੱਚ ਵੀ ਇਨ੍ਹਾਂ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਦੇ ਪਟੀਸ਼ਨਕਰਤਾ ਨੂੰ ਧਮਕੀਆਂ ਦੇਣੀਆਂ ਜਾਰੀ ਰੱਖੀਆਂ ਪਰ ਉਹ ਕੇਸ ਵੀ ਠੰਢੇ ਬਸਤੇ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ, ਕਿਉਂਕਿ ਉਸ ਮਾਮਲੇ ਵਿੱਚ ਪੀਆਈਐੱਲ ਗੁਰਤੇਜ ਸਿੰਘ ਢਿੱਲੋਂ ਨੇ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਰਨਲ ਬਾਠ ਦਾ ਮਾਮਲਾ ਸੀਬੀਆਈ ਕੋਲ ਪੁੱਜਣ ’ਤੇ ਸੰਤੁਸ਼ਟ ਹਾਂ ਪਰ ਇਹ ਲੋਕ ਇੰਨੇ ਤਾਕਤਵਰ ਹਨ ਕਿ ਇਨ੍ਹਾਂ ਨੇ ਜਾਂਚ ਨੂੰ ਹਰ ਪੱਖੋਂ ਪ੍ਰਭਾਵਿਤ ਕਰਨ ਲਈ ਜ਼ੋਰ ਲਗਾਇਆ ਹੋਇਆ ਹੈ। ਮੌਕੇ ਦੇ ਐੱਸਐੱਸਪੀ ਨੇ ਸਾਨੂੰ ਕਿਹਾ ਸੀ ਕਿ ਉਹ ਇਨ੍ਹਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦਾ। ਇਸ ਕਾਰਨ 13 ਤਰੀਕ ਦੇ ਮਾਮਲੇ ਸਬੰਧੀ ਦਬਾਅ ਕਾਰਨ 22 ਨੂੰ ਐਫਆਈਆਰ ਦਰਜ ਹੋਈ। ਪਹਿਲਾਂ ਖੁਦ ਚੰਡੀਗੜ੍ਹ ਪੁਲੀਸ ਧਾਰਾ 307 ਲਗਾਉਣ ਦੇ ਪੱਖ ਵਿੱਚ ਸੀ, ਮਗਰੋਂ ਉਹ ਵੀ ਇਹ ਧਾਰਾ ਹਟਾਉਣ ਵਾਲੇ ਪਾਸੇ ਕੰਮ ਕਰਨ ਲੱਗ ਪਈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਸਬੰਧੀ ਕਿਸੇ ਨੂੰ ਵੀ ਗ੍ਰਿਫ਼ਤਾਰ ਨਾ ਕਰਨ ਦਾ ਕਾਰਨ ਵੀ ਜਾਂਚ ਨੂੰ ਪ੍ਰਭਾਵ ਵਿੱਚ ਲੈਣਾ ਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਇੱਕ ਪੁਲੀਸ ਮੁਲਾਜ਼ਮ ਪੀਸੀਆਰ ’ਚ ਤਾਇਨਾਤ ਸੀ ਤੇ ਇਕ ਦਿਨ ਉਹ ਸਾਡੇ ਕੋਲ ਵੀ ਆਇਆ ਸੀ। ਮੁਲਜ਼ਮ ਪੁਲੀਸ ਵਾਲੇ ਉਸ ਤੋਂ ਸਾਡੀ ਮੁਖ਼ਬਰੀ ਕਰਾਉਣਾ ਚਾਹੁੰਦੇ ਸੀ ਪਰ ਉਹ ਜਵਾਬ ਦੇ ਗਿਆ ਤਾਂ ਇਨ੍ਹਾਂ ਨੇ ਉਸੇ ਦਿਨ ਉਸ ਦੀ ਮਾਲੇਰਕੋਟਲਾ ਬਦਲੀ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਵਿਚ ਸ਼ਾਮਲ ਇਕ ਇੰਸਪੈਕਟਰ ਦਾ ਫ਼ੋਨ ਆਇਆ ਸੀ। ਉਹ ਕਹਿੰਦਾ ਸੀ ਕਿ ਉਹ ਘਟਨਾ ਬਾਰੇ ਗਵਾਹੀ ਦੇਣਾ ਚਾਹੁੰਦਾ ਹੈ। ਉਸ ਨੇ 164 ਤਹਿਤ ਬਿਆਨ ਕਰਵਾਉਣ ਲਈ ਕਿਹਾ ਪਰ ਅਸੀਂ ਉਸ ਦੀ ਗੱਲ ’ਤੇ ਗ਼ੌਰ ਨਹੀਂ ਕੀਤਾ, ਸਗੋਂ ਕਿਹਾ ਕਿ ਉਹ ਜਾਂਚ ਟੀਮ ਕੋਲ ਹੀ ਆਪਣਾ ਬਿਆਨ ਕਲਮਬੰਦ ਕਰਵਾਏ।