Colonel Bath assault case: ਸੀਬੀਆਈ ਵੱਲੋਂ ਕਰਨਲ ਬਾਠ ਕੁੱਟ-ਮਾਰ ਮਾਮਲੇ ’ਚ 2 FIRs ਦਰਜ
ਕੇਂਦਰੀ ਜਾਂਚ ਬਿਊਰੋ (Central Bureau of Investigation - CBI) ਨੇ ਭਾਰਤੀ ਫ਼ੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ (Army Col Pushpinder Singh Bath) ਉਤੇ ਹੋਏ ਹਮਲੇ ਦੇ ਮਾਮਲੇ ਵਿੱਚ ਦੋ ਵੱਖ-ਵੱਖ ਐਫਆਈਆਰਜ਼ ਦਰਜ ਕੀਤੀਆਂ ਹਨ। ਗ਼ੌਰਤਲਬ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਦੇ ਪਟਿਆਲਾ ਵਿੱਚ ਇੱਕ ਢਾਬੇ ਦੇ ਬਾਹਰ ਫੌਜ ਦੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਉਤੇ ਕਥਿਤ ਤੌਰ 'ਤੇ ਪੁਲੀਸ ਅਫ਼ਸਰਾਂ ਵੱਲੋਂ ਹਮਲਾ ਕੀਤਾ ਗਿਆ ਸੀ।
ਇਸ ਸਬੰਧੀ ਇੱਕ ਐਫਆਈਆਰ ਕਰਨਲ ਬਾਠ ਵੱਲੋਂ ਅਤੇ ਦੂਜੀ ਢਾਬਾ ਮਾਲਕ ਵੱਲੋਂ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਦਰਜ ਕੀਤੀਆਂ ਗਈਆਂ ਸਨ, ਜਿਸ ਵਿੱਚ ਇਰਾਦਾ ਕਤਲ ਦੋਸ਼ ਵੀ ਸ਼ਾਮਲ ਹਨ।
ਅਧਿਕਾਰੀਆਂ ਦੇ ਦੱਸਣ ਅਨੁਸਾਰ ਏਜੰਸੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਦੀਆਂ ਹਦਾਇਤਾਂ ਤੋਂ ਬਾਅਦ ਕੇਸ ਆਪਣੇ ਹੱਥ ਵਿੱਚ ਲੈ ਲਿਆ ਹੈ। ਗ਼ੌਰਤਲਬ ਹੈ ਕਿ ਹਾਈ ਕੋਰਟ ਨੇ ਚੰਡੀਗੜ੍ਹ ਪੁਲੀਸ ਦੀ ਜਾਂਚ ਵਿੱਚ ਖ਼ਾਮੀਆਂ ਪਾਏ ਜਾਣ ਤੋਂ ਬਾਅਦ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਸੀ। ਹੁਣ ਇੱਕ ਵਿਸ਼ੇਸ਼ ਜੁਰਮ ਇਕਾਈ (Special Crime unit) ਇਸ ਮਾਮਲੇ ਦੀ ਜਾਂਚ ਕਰੇਗੀ।
ਦੱਸਣਯੋਗ ਹੈ ਕਿ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਦੇ ਨੇੜੇ ਸੜਕ ਕੰਢੇ ਇੱਕ ਢਾਬੇ ਨੇੜੇ ਪਾਰਕਿੰਗ ਵਿਵਾਦ ਦੌਰਾਨ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਅੰਗਦ 'ਤੇ ਕਥਿਤ ਤੌਰ 'ਤੇ 12 ਪੁਲੀਸ ਮੁਲਾਜ਼ਮਾਂ ਨੇ ਹਮਲਾ ਕੀਤਾ ਸੀ। ਹਮਲੇ ਵਿਚ ਕਰਨਲ ਦਾ ਹੱਥ ਟੁੱਟ ਗਿਆ, ਜਦੋਂ ਕਿ ਉਨ੍ਹਾਂ ਦੇ ਪੁੱਤਰ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ।
ਇਸ ਮਾਮਲੇ ਵਿੱਚ ਐਫਆਈਆਰ ਬੀਤੀ 22 ਮਾਰਚ ਨੂੰ ਹੀ ਦਰਜ ਕੀਤੀ ਗਈ ਸੀ, ਹਾਲਾਂਕਿ 15 ਮਾਰਚ ਦੀ ਇੱਕ ਹੋਰ ਐਫਆਈਆਰ ਪਹਿਲਾਂ ਹੀ ਸਬੰਧਤ ਢਾਬਾ ਮਾਲਕ ਦੀ ਸ਼ਿਕਾਇਤ 'ਤੇ ਦਰਜ ਕੀਤੀ ਜਾ ਚੁੱਕੀ ਸੀ। ਢਾਬਾ ਮਾਲਕ ਦੀ ਐਫ਼ਆਈਆਰ ਘਟਨਾ ਵਿਚ ਕਥਿਤ ਤੌਰ 'ਤੇ ਸ਼ਾਮਲ ਪੁਲੀਸ ਮੁਲਾਜ਼ਮਾਂ ਤੇ ਅਫ਼ਸਰਾਂ ਦਾ ਪੱਖ ਪੂਰਦੀ ਸੀ।