ਏਅਰ ਇੰਡੀਆ ਦੇ ਜਹਾਜ਼ ਦਾ ਕਾਕਪਿਟ ਵੁਆਇਸ ਰਿਕਾਰਡਰ ਮਿਲਿਆ
ਨਵੀਂ ਦਿੱਲੀ/ਅਹਿਮਦਾਬਾਦ, 16 ਜੂਨ
ਅਹਿਮਦਾਬਾਦ ’ਚ ਜਹਾਜ਼ ਹਾਦਸੇ ਦੀ ਜਾਂਚ ਕਰ ਰਹੀ ਟੀਮ ਨੂੰ ਕਾਕਪਿਟ ਵੁਆਇਸ ਰਿਕਾਰਡਰ ਮਿਲ ਗਿਆ ਹੈ। ਇਸ ਦੀ ਪੁਸ਼ਟੀ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੀਤੀ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਜਾਂਚ ਕਮੇਟੀ ਨੇ ਅੱਜ ਪਹਿਲੀ ਮੀਟਿੰਗ ਕਰਦਿਆਂ ਇਸ ਹਾਦਸੇ ਲਈ ਜ਼ਿੰਮੇਵਾਰ ਵੱਖ ਵੱਖ ਸੰਭਾਵੀ ਕਾਰਨਾਂ ’ਤੇ ਵਿਚਾਰ-ਚਰਚਾ ਕੀਤੀ। ਇਸੇ ਦੌਰਾਨ ਅਮਰੀਕਾ ਦੀ ਕੌਮੀ ਟਰਾਂਸਪੋਰਟੇਸ਼ਨ ਸੁਰੱਖਿਆ ਬੋਰਡ (ਐੱਨਟੀਐੱਸਬੀ) ਨੇ ਵੀ ਹਾਦਸੇ ਦੀ ਬਰਾਬਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਾਕਪਿਟ ਵੁਆਇਸ ਰਿਕਾਰਡਰ (ਸੀਵੀਆਰ) ਮਿਲ ਗਿਆ ਹੈ ਜੋ ਹਾਦਸੇ ਦੇ ਸੰਭਾਵੀ ਕਾਰਨਾਂ ਦਾ ਪਤਾ ਲਾਉਣ ’ਚ ਮਦਦ ਕਰਨ ਲਈ ਅਹਿਮ ਖੋਜ ਹੈ। ਇਸ ਤੋਂ ਪਹਿਲਾਂ ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਨੇ ਪੁਸ਼ਟੀ ਕੀਤੀ ਸੀ ਕਿ ਜਹਾਜ਼ ਦਾ ਸਿਰਫ਼ ਫਲਾਈਟ ਡੇਟਾ ਰਿਕਾਰਡਰ (ਐੱਫਡੀਆਰ) ਹੀ ਮਿਲਿਆ ਹੈ। ਅਧਿਕਾਰੀਆਂ ਨੇ ਬੀਤੇ ਦਿਨ ਘਟਨਾ ਸਥਾਨ ਦਾ ਦੌਰਾ ਕਰਨ ਆਏ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਨੂੰ ਦੱਸ ਦਿੱਤਾ ਸੀ ਕਿ ਐੱਫਡੀਆਰ ਤੇ ਸੀਵੀਆਰ ਲੱਭ ਗਏ ਹਨ ਤੇ ਸੁਰੱਖਿਅਤ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਹੇਠਲੀ ਕਮੇਟੀ ਨੇ ਜਹਾਜ਼ ਹਾਦਸੇ ਦੇ ਸੰਭਾਵੀ ਕਾਰਨਾਂ ਬਾਰੇ ਵੱਖ ਵੱਖ ਧਿਰਾਂ ਦੀ ਰਾਏ ਸੁਣੀ ਅਤੇ ਭਵਿੱਖ ’ਚ ਅਜਿਹੇ ਹਾਦਸਿਆਂ ਦਾ ਦੁਹਰਾਓ ਰੋਕਣ ਲਈ ਕੀਤੇ ਜਾਣ ਵਾਲੇ ਉਪਾਵਾਂ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇੱਥੇ ਕਮੇਟੀ ਦੀ ਪਹਿਲੀ ਮੀਟਿੰਗ ’ਚ ਸ਼ਾਮਲ ਹੋਏ ਲੋਕਾਂ ਦਾ ਧਿਆਨ ਜਹਾਜ਼ ਹਾਦਸੇ ਦੇ ਸੰਭਾਵੀ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ‘ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਵਿਸ਼ੇਸ਼ ਨਿਯਮ (ਐੱਸਓਪੀ) ਤਿਆਰ ਕਰਨ’ ’ਤੇ ਸੀ। ਸੂਤਰਾਂ ਨੇ ਦੱਸਿਆ ਕਿ ਕਿਉਂਕਿ ਹਵਾਈ ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਵੱਲੋਂ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਜੋ ਹਾਦਸੇ ਦੇ ਤਕਨੀਕੀ ਪੱਖਾਂ ’ਤੇ ਗੌਰ ਕਰ ਰਿਹਾ ਹੈ, ਇਸ ਲਈ ਕਮੇਟੀ ਨੇ ਸੰਭਾਵੀ ਕਾਰਨਾਂ ਤੇ ਇਸ ਤੋਂ ਸਬਕ ਲੈਣ ਬਾਰੇ ਚਰਚਾ ਕੀਤੀ। ਮੀਟਿੰਗ ’ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਗ੍ਰਹਿ ਮੰਤਰਾਲੇ, ਭਾਰਤੀ ਹਵਾਈ ਸੈਨਾ, ਇੰਟੈਲੀਜੈਂਸ ਬਿਊਰੋ, ਗੁਜਰਾਤ ਸਰਕਾਰ, ਡੀਜੀਸੀਏ ਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਦੇ ਨੁਮਾਇੰਦੇ ਸ਼ਾਮਲ ਸਨ। ਦੂਜੇ ਪਾਸੇ ਅਮਰੀਕਾ ਦੇ ਕੌਮੀ ਟਰਾਂਸਪੋਰਟੇਸ਼ਨ ਸੁਰੱਖਿਆ ਬੋਰਡ (ਐੱਨਟੀਐੱਸਬੀ) ਨੇ ਵੀ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਤਹਿਤ ਕਈ ਕੌਮਾਂਤਰੀ ਮਾਹਿਰਾਂ ਨੂੰ ਘਟਨਾ ਸਥਾਨ ’ਤੇ ਸੱਦਿਆ ਗਿਆ ਹੈ। -ਪੀਟੀਆਈ
ਡੀਐੱਨਏ ਰਾਹੀਂ 119 ਮ੍ਰਿਤਕਾਂ ਦੀ ਸ਼ਨਾਖ਼ਤ
ਅਹਿਮਦਾਬਾਦ: ਅਹਿਮਦਾਬਾਦ ’ਚ ਏਅਰ ਇੰਡੀਆ ਦੇ ਜਹਾਜ਼ ਨਾਲ ਹਾਦਸਾ ਵਾਪਰਨ ਤੋਂ ਚਾਰ ਦਿਨ ਬਾਅਦ ਹੁਣ ਤੱਕ ਡੀਐੱਨਏ ਮਿਲਾਨ ਰਾਹੀਂ 119 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਸਮੇਤ 76 ਵਿਅਕਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਸ਼ਾਮ ਜਾਂ ਬੁੱਧਵਾਰ ਸਵੇਰ ਤੱਕ ਸਾਰੀਆਂ ਲਾਸ਼ਾਂ ਦੇ ਡੀਐੱਨਏ ਦੇ ਮਿਲਾਨ ਦੀ ਪ੍ਰਕਿਰਿਆ ਮੁਕੰਮਲ ਹੋਣ ਦੀ ਸੰਭਾਵਨਾ ਹੈ। ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਹੁਣ ਤੱਕ 119 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ 64 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਹ ਮ੍ਰਿਤਕ ਗੁਜਰਾਤ ਤੇ ਰਾਜਸਥਾਨ ਦੇ ਵੱਖ ਵੱਖ ਹਿੱਸਿਆਂ ਦੇ ਰਹਿਣ ਵਾਲੇ ਸਨ।’ -ਪੀਟੀਆਈ
ਵਿਜੈ ਰੂਪਾਨੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਅਹਿਮਦਾਬਾਦ/ਰਾਜਕੋਟ: ਏਅਰ ਇੰਡੀਆ ਦੇ ਜਹਾਜ਼ ਨਾਲ ਅਹਿਮਦਾਬਾਦ ’ਚ ਹਾਦਸੇ ’ਚ ਮਰੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕਈ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਦਕਿ ਰਾਜਕੋਟ ’ਚ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋਏ। ਅੰਤਿਮ ਸੰਸਕਾਰ ਤੋਂ ਪਹਿਲਾਂ ਰੂਪਾਨੀ ਦੀ ਲਾਸ਼ ਜਦੋਂ ਹਵਾਈ ਅੱਡੇ ਤੋਂ ਰਾਜਕੋਟ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਲਿਆਂਦੀ ਗਈ ਰੂਪਾਨੀ ਦੀ ਲਾਸ਼ ਇੰਨੀ ਸੜ ਚੁੱਕੀ ਸੀ ਕਿ ਉਸ ਦੀ ਪਛਾਣ ਵੀ ਨਹੀਂ ਹੋ ਰਹੀ ਸੀ। -ਪੀਟੀਆਈ
ਏਅਰ ਇੰਡੀਆ ਦੇ ਡਰੀਮਲਾਈਨਰ ’ਚ ਨੁਕਸ, ਜਹਾਜ਼ ਹਾਂਗਕਾਂਗ ਪਰਤਿਆ
ਮੁੰਬਈ: ਏਅਰ ਇੰਡੀਆ ਦਾ ਬੋਇੰਗ 787-8 ਡਰੀਮਲਾਈਨਰ ਜਹਾਜ਼ ਦਿੱਲੀ ਲਈ ਉਡਾਣ ਭਰਨ ਤੋਂ ਇੱਕ ਘੰਟੇ ਦੇ ਅੰਦਰ ਹੀ ਤਕਨੀਕੀ ਨੁਕਸ ਦੇ ਸ਼ੱਕ ਮਗਰੋਂ ਅੱਜ ਹਾਂਗਕਾਂਗ ਪਰਤ ਗਿਆ। ਏਅਰਲਾਈਨ ਨੇ ਬਿਆਨ ਵਿੱਚ ਕਿਹਾ ਕਿ ਜਹਾਜ਼ ਏਆਈ315 ਹਾਂਗਕਾਂਗ ਵਿੱਚ ਸੁਰੱਖਿਅਤ ਉੱਤਰ ਗਿਆ ਅਤੇ ਸਾਰੇ ਯਾਤਰੀ ਉਤਰ ਗਏ ਹਨ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਹਾਜ਼ ਹਾਂਗਕਾਂਗ ਤੋਂ ਬਾਅਦ ਦੁਪਹਿਰ 12.16 ਵਜੇ (ਸਥਾਨਕ ਸਮੇਂ ਅਨੁਸਾਰ) ਰਵਾਨਾ ਹੋਇਆ ਸੀ ਅਤੇ ਇਸ ਨੇ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 12.20 ਵਜੇ ਦਿੱਲੀ ਵਿੱਚ ਉਤਰਨਾ ਸੀ। ਫਲਾਈਟ ਟਰੈਕਿੰਗ ਵੈੱਬਸਾਈਟ ‘ਫਲਾਈਟਰਡਾਰ ਡਾਟ ਕਾਮ’ ਅਨੁਸਾਰ, ਇਹ ਉਡਾਣ ਲਗਪਗ ਸਾਢੇ ਤਿੰਨ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ ਸੀ। ਇਸ ਦਾ ਤੈਅ ਉਡਾਣ ਭਰਨ ਦਾ ਸਮਾਂ ਸਵੇਰੇ 8.50 ਵਜੇ ਸੀ। ਏਅਰ ਇੰਡੀਆ ਨੇ ਕਿਹਾ, ‘‘16 ਜੂਨ ਨੂੰ ਹਾਂਗਕਾਂਗ ਤੋਂ ਦਿੱਲੀ ਲਈ ਜਾਣ ਵਾਲਾ ਜਹਾਜ਼ ਏਆਈ315 ਤਕਨੀਕੀ ਨੁਕਸ ਕਾਰਨ ਉਡਾਣ ਭਰਨ ਤੋਂ ਕੁੱਝ ਸਮੇਂ ਮਗਰੋਂ ਹਾਂਗਕਾਂਗ(ਪਹਿਲੇ ਸਫੇ ਤੋਂ) ਪਰਤ ਗਿਆ।’’ ਜ਼ਿਕਰਯੋਗ ਹੈ ਕਿ 12 ਜੂਨ ਨੂੰ ਲੰਡਨ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਬੋਇੰਗ 787-8 ਡਰੀਮਲਾਈਨਰ ਅਹਿਮਦਾਬਾਦ ਵਿੱਚ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿੱਚ ਸਵਾਰ ਸਾਰੇ 241 ਯਾਤਰੀ ਮਾਰੇ ਗਏ ਸਨ। -ਪੀਟੀਆਈ