ਮੁੱਖ ਮੰਤਰੀ ਦੀ ਪਤਨੀ ਵੱਲੋਂ ਕੁੜੀਆਂ ਨੂੰ ਹੌਸਲੇ ਬੁਲੰਦ ਰੱਖਣ ਦਾ ਸੱਦਾ
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਕੁੜੀਆਂ ਨੂੰ ਸਦਾ ਹੌਸਲੇ ਬੁਲੰਦ ਰੱਖਣ ਦਾ ਹੋਕਾ ਦਿੰਦਿਆਂ ਸਵੈਮਾਣ ਦੀ ਪੂਰਤੀ ਲਈ ਜ਼ਮੀਨੀ ਪੱਧਰ ’ਤੇ ਸੰਘਰਸ਼ ਜਾਰੀ ਰੱਖਣ ਲਈ ਕਿਹਾ। ਉਹ ਅੱਜ ਬੰਗਾ ਦੇ ਗੁਰੂੁ ਨਾਨਕ ਕਾਲਜ ਫਾਰ ਵਿਮੈਨ ਵਿੱਚ ਤੀਆਂ ਦੇ ਤਿਉਹਾਰ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਮਹਿਲਾ ਵਰਗ ਪ੍ਰਤੀ ਸਮਾਜਿਕ ਨਜ਼ਰੀਆ ਬਦਲਣ ਤੋਂ ਬਿਨਾਂ ਸਥਾਪਤੀ ਦੀ ਆਸ ਨਹੀਂ ਰੱਖੀ ਜਾ ਸਕਦੀ, ਜਿਸ ਲਈ ਕੁੜੀਆਂ ਦੀ ਆਮਦ ਸਮੇਂ ਮੁੰਡਿਆਂ ਜਿੰਨੀ ਹੀ ਖੁਸ਼ੀ ਦਾ ਇਜ਼ਹਾਰ ਕੀਤਾ ਜਾਣਾ ਚਾਹੀਦਾ ਹੈ।
ਕਾਲਜ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜਿਉਂ ਹੀ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਧਮਾਲ ਪਾਈ ਤਾਂ ਮੁੱਖ ਮੰਤਰੀ ਦੀ ਪਤਨੀ ਦੇ ਵੀ ਪੈਰ ਥਿਰਕਣੋਂ ਨਾ ਰਹਿ ਸਕੇ। ਉਹ ਕਾਲਜ ਦੇ ਮਹਿਲਾ ਸਟਾਫ਼ ਨਾਲ ਮੁੜ ਸਟੇਜ ’ਤੇ ਗਏ ਅਤੇ ਗਿੱਧਾ ਪਾਇਆ। ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਬੀਬੀ ਜਸਵੰਤ ਕੌਰ ਅਤੇ ਪ੍ਰਿੰਸੀਪਲ ਮੀਨੂ ਭੋਲਾ ਦੀ ਅਗਵਾਈ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰ ਦੀਆਂ ਵੰਨਗੀਆਂ ਝੂੁਮਰ, ਲੁੱਡੀ, ਭੰਗੜਾ, ਸੰਮੀ ਦੇ ਨਾਲ ਸੁਆਣੀਆਂ ਨਾਲ ਸਬੰਧਤ ਗੀਤਾਂ ’ਤੇ ਖੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ, ਡਾ. ਬਖਸ਼ੀਸ਼ ਸਿੰਘ ਵੀ ਸ਼ਾਮਲ ਸਨ।
ਕੁੜੀਆਂ ਪ੍ਰਤੀ ਬਰਾਬਰ ਦੀ ਸੋਚ ਬਾਰੇ ਮੁੱਖ ਮੰਤਰੀ ਦਾ ਨਜ਼ਰੀਆ ਵੀ ਲੋਕਾਂ ਨਾਲ ਸਾਂਝਾ ਕੀਤਾ
ਡਾ. ਗੁਰਪ੍ਰੀਤ ਕੌਰ ਮਾਨ ਨੇ ਕੁੜੀਆਂ ਪ੍ਰਤੀ ਬਰਾਬਰ ਦੀ ਸੋਚ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਗੁਣਗਾਣ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਕੁੜੀਆਂ ਨੂੰ ਹੋਰ ਅੱਗੇ ਲਿਜਾਣ ਲਈ ਸੋਚਦੇ ਰਹਿੰਦੇ ਹਨ। ਉਨ੍ਹਾਂ ਮਹਿਲਾ ਵਰਗ ਦੇ ਸਨਮਾਨ ਲਈ ਮੁੱਖ ਮੰਤਰੀ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਵਿੱਚ ਕੁੜੀਆਂ ਦੀ ਭਰਤੀ ਲਈ ਚੋਣ ਪ੍ਰਕਿਰਿਆ ਵਿੱਚ ਵਿਸ਼ੇਸ਼ ਛੋਟਾਂ ਦਿੱਤੇ ਜਾਣ ਅਤੇ ਮਹਿਲਾਵਾਂ ਲਈ ਸਕੂਲੀ ਵਰਦੀਆਂ ਤਿਆਰ ਕਰਨ ਵਾਲੇ ਪ੍ਰਾਜੈਕਟ ਹਿੱਤ ਵਿਸ਼ੇਸ਼ ਹੈਲਪ ਗਰੁੱਪ ਬਣਾਏ ਜਾਣ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਮਹਿਲਾਵਾਂ ਦੇ ਬਹੁ-ਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।