ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਲੋਕ ਬੁਖਾਰ, ਪੇਚਿਸ਼ ਅਤੇ ਚਮੜੀ ਰੋਗ ਸਣੇ ਹੋਰ ਬਿਮਾਰੀਆਂ ਦੀ ਲਪੇਟ ’ਚ ਆ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਜਾਂਚ ਤੇ ਇਲਾਜ ਮੁਹੱਈਆ ਕਰਵਾਉਣ ਲਈ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਅੱਜ ਮੁੱਖ ਮੰਤਰੀ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਕੈਂਪਾਂ ਵਿੱਚ ਬੁਖਾਰ, ਪੇਚਿਸ਼, ਚਮੜੀ ਦੇ ਰੋਗਾਂ ਤੋਂ ਇਲਾਵਾ ਤੇ ਹੋਰ ਬਿਮਾਰੀਆਂ ਦਾ ਫੈਲਣ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ 2101 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ। ਇਸ ਦੌਰਾਨ 1.42 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚ 19187 ਮਰੀਜ਼ ਬੁਖਾਰ, 4544 ਪੇਚਿਸ਼, 22118 ਚਮੜੀ ਰੋਗਾਂ ਤੇ 10304 ਅੱਖਾਂ ਦੀ ਲਾਗ ਦੇ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਸ਼ਾ ਵਰਕਰ ਆਪਣੇ ਪਿੰਡ ਦੇ ਹਰ ਘਰ ਵਿੱਚ ਜਾ ਕੇ ਹੈਲਥ ਕਿੱਟਾਂ ਵੰਡ ਰਹੀਆਂ ਹਨ। ਇਸ ਵਿੱਚ ਓ ਆਰ ਐੱਸ, ਮੱਛਰ ਮਾਰ ਦਵਾਈ, ਪੈਰਾਸੀਟਾਮੋਲ, ਸਿਟਰਾਜ਼ਿਨ, ਕਲੋਰੀਨ ਦੀਆਂ ਗੋਲੀਆਂ, ਸਾਬਣ ਅਤੇ ਹੋਰ ਦਵਾਈਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 20 ਸਤੰਬਰ 2025 ਤੱਕ ਹਰ ਘਰ ਵਿੱਚ ਹੈਲਥ ਕਿੱਟਾਂ ਪਹੁੰਚਾਈਆਂ ਜਾਣਗੀਆਂ। ਹੁਣ ਤੱਕ ਤਕਰੀਬਨ 2.47 ਲੱਖ ਘਰਾਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਤੱਕ ਪਹੁੰਚ ਲਈ 21 ਦਿਨ ਫੌਗਿੰਗ ਕਰਨ ਅਤੇ ਮੱਛਰਾਂ ਨੂੰ ਕੰਟਰੋਲ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੀ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 14,780 ਪਸ਼ੂਆਂ ਦਾ ਇਲਾਜ ਅਤੇ 48,535 ਪਸ਼ੂਆਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਚੁੱਕਾ ਹੈ। ਹੜ੍ਹਾਂ ਵਿੱਚ ਮਰੇ ਜਾਨਵਰਾਂ ਦੀਆਂ ਲਾਸ਼ਾਂ ਦਾ ਸੁਰੱਖਿਅਤ ਤੇ ਵਿਗਿਆਨਕ ਢੰਗ ਨਾਲ ਨਿਬੇੜਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਿੰਡਾਂ, ਗਲੀਆਂ ਤੇ ਛੱਪੜਾਂ ਦੀ ਸਫ਼ਾਈ ’ਤੇ ਜ਼ੋਰ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਖੇਤਾਂ ਤੇ ਪਿੰਡਾਂ ਦੇ ਆਲੇ-ਦੁਆਲੇ ਤੋਂ ਗੰਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਕੰਮ 21 ਸਤੰਬਰ ਤੱਕ ਮੁਕੰਮਲ ਹੋਣੇ ਚਾਹੀਦੇ ਹਨ। ਸ੍ਰੀ ਮਾਨ ਨੇ ਕਿਹਾ ਕਿ ਪਸ਼ੂਆਂ ਦੀਆਂ ਖੁਰਲੀਆਂ ਤੇ ਖੁਰਾਕ ਰੱਖਣ ਵਾਲੀਆਂ ਥਾਵਾਂ ਸਾਫ਼ ਕੀਤੀਆਂ ਜਾਣ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪਸ਼ੂਆਂ ਦੇ ਖੁਰਾਂ ਨੂੰ ਵੀ ਪੋਟਾਸ਼ੀਅਮ ਪਰਮੈਗਨਾਈਟ ਨਾਲ ਸਾਫ਼ ਕੀਤਾ ਜਾਵੇ।ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਲੋੜੀਂਦੀ ਰਾਹਤ ਮੁਹੱਈਆ ਕਰਵਾਉਣ ਲਈ ਸਾਰੇ ਵਿਭਾਗਾਂ ਨੂੰ ਤਾਲਮੇਲ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਾਫ਼ ਪੀਣ ਯੋਗ ਪਾਣੀ ਮੁਹੱਈਆ ਕਰਨ ਲਈ ਪਾਣੀ ਦੀ ਬਾਕਾਇਦਾ ਆਧਾਰ ਉੱਤੇ ਟੈਸਟਿੰਗ ਤੇ ਕਲੋਰੀਨੇਸ਼ਨ ਯਕੀਨੀ ਬਣਾਉਣੀ ਚਾਹੀਦੀ ਹੈ। ਜਲ ਸਪਲਾਈ ਪਾਈਪਲਾਈਨਾਂ ਦੀ ਲੀਕੇਜ ਤੁਰੰਤ ਬੰਦ ਕੀਤੀ ਜਾਵੇ।