DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ

ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਹੋਈ ਖਿੱਚ-ਧੂਹ ਕਾਰਨ ਪੁਲੀਸ ਦਾ ਹਾਲੇ ਪਸੀਨਾ ਵੀ ਨਹੀਂ ਸੁੱਕਿਆ ਸੀ ਕਿ ਕੁਝ ਚਿਰ ਮਗਰੋਂ ਹੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨਾਲ ਧੱਕਾ-ਮੁੱਕੀ ਹੋ ਗਈ। ਇਸ...

  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਵੱਲ ਵਧ ਰਹੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਰੋਕਦੇ ਹੋਏ ਪੁਲੀਸ ਮੁਲਾਜ਼ਮ।
Advertisement

ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਹੋਈ ਖਿੱਚ-ਧੂਹ ਕਾਰਨ ਪੁਲੀਸ ਦਾ ਹਾਲੇ ਪਸੀਨਾ ਵੀ ਨਹੀਂ ਸੁੱਕਿਆ ਸੀ ਕਿ ਕੁਝ ਚਿਰ ਮਗਰੋਂ ਹੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨਾਲ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈ ਧੱਕਾ-ਮੁੱਕੀ ਦੌਰਾਨ ਹੇਠਾਂ ਵੀ ਡਿੱਗ ਗਏ।

ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਰੁਕੇ ਬਕਾਏ ਦੇਣ ਸਣੇ ਤਨਖ਼ਾਹ ’ਚ ਵਾਧੇ ਆਦਿ ਮੰਗਾਂ ਦੇ ਸਬੰਧ ’ਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਅਧਿਆਪਕ ਵੇਰਕਾ ਮਿਲਕ ਪਲਾਂਟ ਪਾਰਕ ਵਿੱਚ ਇਕੱਠੇ ਹੋਣ ਮਗਰੋਂ ਮਾਰਚ ਕਰਦਿਆਂ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਗੇਟ ’ਤੇ ਪੁੱਜੇ ਤਾਂ ਪੁਲੀਸ ਨੇ ਸਖ਼ਤ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ’ਤੇ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ। ਕਰੀਬ ਦੋ ਘੰਟੇ ਧਰਨਾ ਦੇਣ ਉਪਰੰਤ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀ ਨਾਕਾਬੰਦੀ ਤੋੜਦਿਆਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੀ ਪੁਲੀਸ ਨਾਲ ਖਿੱਚ-ਧੂਹ ਹੋ ਗਈ।

Advertisement

ਯੂਨੀਅਨ ਦੀ ਸੂਬਾ ਪ੍ਰਧਾਨ ਡਾ. ਟੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਨਲ ਮੀਟਿੰਗਾਂ ਦੌਰਾਨ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ ਪਰ ਇਸ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੈਰੀਟੋਰੀਅਸ ਸਕੂਲਾਂ ਦੇ ਪ੍ਰਧਾਨ ਹਨ, ਉਨ੍ਹਾਂ ਇੱਕ ਵੀ ਮੀਟਿੰਗ ਮੈਰੀਟੋਰੀਅਸ ਅਧਿਆਪਕਾਂ ਨਾਲ ਨਹੀਂ ਕੀਤੀ। 10 ਸਾਲਾਂ ’ਚ ਤਨਖ਼ਾਹ ’ਚ ਵਾਧਾ ਵੀ ਨਾਮਾਤਰ ਹੋਇਆ ਹੈ।

Advertisement

ਧਰਨੇ ਨੂੰ ਡੀ ਟੀ ਐੱਫ ਦੇ ਸੂਬਾ ਆਗੂ ਦਿਗਵਿਜੇ ਪਾਲ ਸ਼ਰਮਾ, ਬੀ ਕੇ ਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ, ਡੀ ਟੀ ਐੱਫ ਆਗੂ ਕੁਲਵੰਤ ਸਿੰਘ ਖਨੌਰੀ, ਜੀ ਟੀ ਯੂ ਦੇ ਸਰਬਜੀਤ ਸਿੰਘ ਪੁੰਨਾਵਾਲ, 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਆਗੂ ਡਾ. ਹਰਮਿੰਦਰ ਸਿੰਘ, ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਜੋਨੀ ਸਿੰਗਲਾ, ਜੀਟੀਯੂ ਦੇ ਦੇਵੀ ਦਿਆਲ, ਡੀ ਟੀ ਐੱਫ ਦੇ ਦਾਤਾ ਸਿੰਘ ਨਮੋਲ ਤੋਂ ਇਲਾਵਾ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ, ਸੂਬਾ ਆਗੂ ਰਾਕੇਸ਼ ਕੁਮਾਰ, ਵਿਕਾਸ ਕੁਮਾਰ, ਬੂਟਾ ਸਿੰਘ ਮਾਨ, ਮੋਹਿਤ ਪੂਨੀਆ, ਸੁਖਜੀਤ ਕੌਰ, ਹਰਪ੍ਰੀਤ ਸਿੰਘ, ਮਨੋਜ ਕੁਮਾਰ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਅਨ ਦੀ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਪਹਿਲੀ ਅਕਤੂਬਰ ਅਤੇ ਕੈਬਨਿਟ ਸਬ-ਕਮੇਟੀ ਨਾਲ ਤਿੰਨ ਅਕਤੂਬਰ ਦੀ ਮੀਟਿੰਗ ਤੈਅ ਕਰਵਾਈ ਜਿਸ ਮਗਰੋਂ ਪ੍ਰਦਰਸ਼ਨ ਸਮਾਪਤ ਹੋਇਆ।

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪ੍ਰਦਰਸ਼ਨ

ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਬੇਰੁਜ਼ਗਾਰ ਬੀ ਐਡ ਟੈੱਟ ਪਾਸ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ। ਬੇਰੁਜਗ਼ਾਰ ਅਧਿਆਪਕ ਜਬਰੀ ਅੱਗੇ ਵਧਣਾ ਚਾਹੁੰਦੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਬੇਰੁਜ਼ਗਾਰਾਂ ਨੇ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਘੁਬਾਇਆ, ਹਰਦੀਪ ਸਿੰਘ ਫ਼ਾਜ਼ਿਲਕਾ, ਨਛੱਤਰ ਸਿੰਘ ਜਲਾਲਾਬਾਦ, ਸੰਦੀਪ ਧੌਲਾ, ਪ੍ਰੇਮ ਅਬੋਹਰ, ਕੁਲਦੀਪ ਸਿੰਘ ਫ਼ਿਰੋਜ਼ਪੁਰ, ਵੀਰਪਾਲ ਕੌਰ ਮਾਨਸਾ, ਮਨੀਸ਼ਾ ਜਲਾਲਾਬਾਦ ਆਦਿ ਨੇ ਮੰਗ ਕੀਤੀ ਕਿ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, 55 ਫ਼ੀਸਦੀ ਸ਼ਰਤ ਨੂੰ ਪੱਕੇ ਤੌਰ ’ਤੇ ਰੱਦ ਕੀਤਾ ਜਾਵੇ, ਪੰਜਾਬੀ, ਹਿੰਦੀ, ਸਮਾਜਿਕ ਸਿੱਖਿਆ, ਅੰਗਰੇਜ਼ੀ, ਗਣਿਤ, ਸਾਇੰਸ, ਸੰਗੀਤ ਤੇ ਆਰਟ ਐਂਡ ਕਰਾਫਟ ਸਣੇ ਸਾਰੇ ਵਿਸ਼ਿਆਂ ਦੀਆਂ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਆਦਿ। ਇਸ ਦੌਰਾਨ ਐੱਸ ਪੀ ਨਵਰੀਤ ਸਿੰਘ ਵਿਰਕ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕਰ ਕੇ ਸ਼ਾਂਤ ਕੀਤਾ। ਪ੍ਰਸ਼ਾਸਨ ਨੇ ਯੂਨੀਅਨ ਦੀ ਕੈਬਨਿਟ ਸਬ-ਕਮੇਟੀ ਨਾਲ ਤਿੰਨ ਅਕਤੂਬਰ ਦੀ ਮੀਟਿੰਗ ਤੈਅ ਕਰਵਾਈ।

Advertisement
×