ਹਰਦੀਪ ਸਿੰਘ
ਧਰਮਕੋਟ, 31 ਮਈ
ਤਪ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਾ ਦੌਲੇਵਾਲਾ ਦੇ ਪ੍ਰਬੰਧਾਂ ਤੋਂ ਸ਼ੁਰੂ ਹੋਏ ਵਿਵਾਦ ਨੇ ਲੰਘੀ ਰਾਤ ਹਿੰਸਕ ਰੂਪ ਧਾਰ ਲਿਆ। ਦੋ ਧਿਰਾਂ ਦੀ ਬੀਤੀ ਸ਼ਾਮ ਅਤੇ ਦੇਰ ਰਾਤ ਗੁਰਦੁਆਰਾ ਕੰਪਲੈਕਸ ਵਿੱਚ ਦੋ ਵਾਰ ਝੜਪ ਹੋਈ। ਇਸ ਕਾਰਨ ਦੋਵਾਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਜੋ ਸਿਵਲ ਹਸਪਤਾਲ ਮੋਗਾ ’ਚ ਜ਼ੇਰੇ ਇਲਾਜ ਹਨ। ਦੋਵਾਂ ਧਿਰਾਂ ਨੇ ਹੀ ਇੱਕ-ਦੂਜੇ ’ਤੇ ਹਮਲੇ ਦੇ ਦੋਸ਼ ਲਗਾਏ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੁਰਦੁਆਰਾ ਬਾਬਾ ਝੁੱਗੀ ਵਾਲਾ ਦੇ ਪ੍ਰਬੰਧ ਤੋਂ ਪਿੰਡ ਦੌਲੇਵਾਲਾ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਲੰਬੇ ਸਮੇਂ ਤੋਂ ਗੁਰਦੁਆਰੇ ਦਾ ਪ੍ਰਬੰਧ ਚਲਾ ਰਹੇ ਬਾਬਾ ਅਵਤਾਰ ਸਿੰਘ ਫ਼ੌਜੀ ਨੂੰ ਪਿੰਡ ਵਾਸੀਆਂ ਪੰਚਾਇਤ ਮੈਂਬਰ ਬਲਵੰਤ ਸਿੰਘ, ਅਮਰੀਕ ਸਿੰਘ ਚਾਨੀ ਆਦਿ ਵੱਲੋਂ ਚੁਣੌਤੀ ਦੇਣ ਮਗਰੋਂ ਪ੍ਰਸ਼ਾਸਨ ਨੇ ਡੇਢ ਮਹੀਨਾ ਪਹਿਲਾਂ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਸੀ।
ਸਾਬਕਾ ਪ੍ਰਬੰਧਕ ਬੂਟਾ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਦੂਜੇ ਧੜੇ ਦੇ ਦਰਜਨ ਭਰ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ। ਇਸ ਕਾਰਨ ਬਾਬਾ ਅਵਤਾਰ ਸਿੰਘ ਦਾ ਲੜਕਾ ਤਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਦੂਜੇ ਪਾਸੇ, ਬਲਵੰਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀ ਕੁਲਵਿੰਦਰ ਸਿੰਘ ਨਾਲ ਗੁਰਦੁਆਰੇ ਮੱਥਾ ਟੇਕਣ ਗਏ ਸਨ ਤਾਂ ਬਾਬਾ ਅਵਤਾਰ ਸਿੰਘ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਕਾਰਨ ਉਨ੍ਹਾਂ ਦੇ ਲੜਕੇ ਗੋਬਿੰਦ ਸਿੰਘ ਤੇ ਹਰਮਨ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।