‘ਆਪ’ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ
ਕੲੀਆਂ ਦੀਆਂ ਪੱਗਾਂ ਲੱਥੀਆਂ; ਦੋਵਾਂ ਪਾਰਟੀਆਂ ਨੇ ਇਕ-ਦੂਜੇ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ
ਦਲਬੀਰ ਸੱਖੋਵਾਲੀਆ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਅੰਤਿਮ ਦਿਨ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਹੱਥੋ-ਪਾਈ ਹੋਈ। ਇਥੋਂ ਦੇ ਤਹਿਸੀਲ ਕੰਪਲੈਕਸ ਵਿੱਚ ਕਾਂਗਰਸ ਵਰਕਰਾਂ ਵੱਲੋਂ ਕਾਗ਼ਜ਼ ਦਾਖ਼ਲ ਕਰਵਾਉਣ ਮੌਕੇ ਹੰਗਾਮਾ ਕੀਤਾ ਗਿਆ। ਕਾਂਗਰਸ ਆਗੂ ਅਤੇ ਬਲਾਕ ਸਮਿਤੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਅਤੇ ਹੋਰ ਪਿੰਡਾਂ ਦੇ ਕਾਂਗਰਸੀ ਵਰਕਰਾਂ ਦੀਆਂ ਪੱਗਾਂ ਲੱਥੀਆਂ। ਇਨ੍ਹਾਂ ਨੇ ‘ਆਪ’ ਵਾਲੰਟੀਅਰਾਂ ਅਤੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਉਤੇ ਕਥਿਤ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਉਤੇ ਐੱਮ ਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਫਰਜ਼ੰਦ ਉਦੇਵੀਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਤਹਿਸੀਲ ਕੰਪਲੈਕਸ ਅੱਗੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਕਲਾਨੌਰ ਵਿਖੇ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਨਾਮਜ਼ਦਗੀਆਂ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਰ੍ਹੇਆਮ ਧੱਕੇਸ਼ਾਹੀ ਕਰ ਰਹੀ ਹੈ। ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਧੱਕੇਸ਼ਾਹੀ ਦੇ ਮਾਮਲੇ ਵਿੱਚ ਮਾਤ ਪਾ ਦਿੱਤੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਜਮਹੂਰੀਅਤ ਖਤਮ ਕਰਨ ਦੇ ਇਲਜ਼ਾਮ ਲਗਾਏ।
ਉਧਰ, ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਵਰਕਰਾਂ ਵੱਲੋਂ ਕਾਗ਼ਜ਼ ਦਾਖ਼ਲ ਕਰਵਾਉਣ ਦੇ ਨਾਮ ਉੱਤੇ ਦਫ਼ਤਰੀ ਅਮਲੇ ਨਾਲ ਮਾੜਾ ਵਰਤਾਅ ਕਰਨ ਵਰਗੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਕਾਂਗਰਸ ਵਰਕਰਾਂ ਵੱਲੋਂ ਹਲਕੇ ਵਿੱਚ ਸਮੇਂ ਸਮੇਂ ਉਤੇ ਹੋਈਆਂ ਚੋਣਾਂ ਵਿੱਚ ਰੱਜ ਕੇ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਹੁਣ ਵੀ ਇਸੇ ਗੱਲ ਦਾ ਭਰਮ ਸੀ, ਪਰ ਪੰਜਾਬ ਸਰਕਾਰ ਅਜਿਹੇ ਲੋਕਾਂ ਦੀ ਹੋਰ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਂਗਰਸ ਵਰਕਰ ਪੁਰਾਣੀਆਂ ਹਰਕਤਾਂ ਛੱਡ ਦੇਣ।

