ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੁਲਾਈ
ਜ਼ਿਲ੍ਹੇ ਦੇ ਪਿੰਡ ਰੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਐਤਵਾਰ ਨੂੰ ਪਸ਼ੂਆਂ ਦੀ ‘ਕਲਾਸ’ ਲੱਗੀ ਦੇਖੀ ਗਈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ’ਤੇ ਇਸ ਸਕੂਲ ’ਚ ਪਸ਼ੂ ਚਰਦੇ ਹੋਣ ਅਤੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ’ਤੇ ਪ੍ਰਤੀਕਰਮ ਕਰਦਿਆਂ ਵੀਡੀਓ ਸਾਂਝੀ ਕੀਤੀ। ਉਨ੍ਹਾਂ ਵੀਡੀਓ ਦੇ ਨਾਲ ਲਿਖਿਆ ਕਿ ਇਹ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਅਤੇ ਇਸ ਦਾ ਚਾਰੇ ਪਾਸੇ ਰੌਲਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਇਹ ਹਾਲ ਹੈ, ਜਿੱਥੇ ਮੱਝਾਂ, ਗਾਵਾਂ ਰਾਜ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਰੜ੍ਹ ਦੀ ਇਹ ਵੀਡੀਓ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਪਰਦਾਫਾਸ਼ ਕਰਦੀ ਹੈ। ਪਿੰਡ ਰੜ੍ਹ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਰੜ੍ਹ ਨੇ ਕਿਹਾ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਹਾਲ ਲਾਵਾਰਿਸਾਂ ਵਾਲਾ ਹੈ। ਸਕੂਲ ਨੂੰ ਛੁੱਟੀ ਹੋਣ ਮਗਰੋਂ ਇਸ ਦਾ ਮੁੱਖ ਗੇਟ ਖੁੱਲ੍ਹਾ ਹੀ ਰਹਿੰਦਾ ਹੈ ਜਿਵੇਂ ਇਸ ਦਾ ਕੋਈ ਰਖਵਾਲਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਇਸ ਸਕੂਲ ’ਚ ਮੱਝਾਂ, ਬੱਕਰੀਆਂ ਦੀ ਵੀ ਕਲਾਸ ਲੱਗਦੀ ਹੈ ਅਤੇ ਉਹ ਸਕੂਲ ਮੈਦਾਨ ’ਚ ਖੁੱਲ੍ਹੇ ਵਿੱਚ ਘਾਹ ਚਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਕੂਲ ਦਾ ਗੇਟ ਖੁੱਲ੍ਹਾ ਸੀ, ਪੂਰਾ ਦਿਨ ਪਸ਼ੂ ਉੱਥੇ ਚਰਦੇ ਰਹੇ।
ਗੇਟ ’ਤੇ ਜਿੰਦਰਾ ਲਾਉਣਾ ਹੀ ਛੱਡ ’ਤਾ
ਸਕੂਲ ਦੀ ਮੁੱਖ ਅਧਿਆਪਕ ਭੋਲੀ ਕੌਰ ਨੇ ਕਿਹਾ ਕਿ ਜੇਕਰ ਉਹ ਸਕੂਲ ਦੇ ਗੇਟ ਨੂੰ ਜਿੰਦਰਾ ਲਾਉਂਦੇ ਹਨ ਤਾਂ ਉਹ ਤੋੜ ਦਿੱਤਾ ਜਾਂਦਾ ਹੈ। ਅਜਿਹਾ ਕਈ ਵਾਰ ਹੋ ਚੁੱਕਾ ਹੈ, ਹੁਣ ਉਨ੍ਹਾਂ ਸਕੂਲ ਗੇਟ ਨੂੰ ਜਿੰਦਰਾ ਲਾਉਣਾ ਹੀ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ’ਚ ਕਈ ਵਾਰ ਚੋਰੀ ਵੀ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।